ਖੰਨਾ, 14 ਅਕਤੂਬਰ (ਹਿੰ. ਸ.)। ਸੈਂਟਰੋ ਐਗਰੋਟੈਕਨੀਕੋ ਰੀਜਨਲ, ਅਰਜਨਟੀਨਾ ਤੋਂ ਭਾਰਤ ਆਏ ਵਫ਼ਦ ਨੇ ਪੰਜਾਬ ਦੀ ਖੇਤੀਬਾੜੀ, ਸੱਭਿਆਚਾਰ ਅਤੇ ਵਿਰਾਸਤ ਦੇਖਣ ਲਈ ਪੰਜਾਬ ਦਾ ਦੌਰਾ ਕਰ ਰਹੇ ਹਨ। ਇਸੇ ਲੜੀ ਤਹਿਤ ਉਨ੍ਹਾਂ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ ਅਤੇ ਝੋਨੇ ਦੀ ਚੱਲ ਰਹੀ ਖਰੀਦ ਪ੍ਰਕ੍ਰਿਆ ਨੂੰ ਦੇਖਿਆ ਅਤੇ ਜਾਣਕਾਰੀ ਹਾਸਲ ਕੀਤੀ। ਸੈਂਟਰੋ ਐਗਰੋਟੈਕਨੀਕੋ ਰੀਜਨਲ, ਅਰਜਨਟੀਨਾ ਤੋਂ ਆਏ ਇਸ ਵਫ਼ਦ ਵਿੱਚ ਹਿਊਬਰ, ਕੈਟਾਲੀਨਾ ਫੇਲੀਸਾ, ਪ੍ਰੈਕਟੀਕਲ ਗਤੀਵਿਧੀਆਂ/ਅਧਿਆਪਕ ਦੇ ਜਨਰਲ ਕੋਆਰਡੀਨੇਟਰ, ਕੈਸਲ, ਜੁਆਨ ਪਾਬਲੋ, ਇੰਸਟ੍ਰਕਟਰ/ਅਧਿਆਪਕ, ਲੈਂਡਾਬੁਰੂ, ਇਗਨਾਸੀਓ ਐਸਟੇਬਨ, ਅਧਿਆਪਕ, ਹਰਮਸ, ਕਿਆਰਾ ਆਇਮਾਰਾ ਵਿਕਟੋਰੀਆ, ਵਿਦਿਆਰਥੀ, ਹਰਮਸ, ਟਿਆਗੋ ਐਲੂਨੀ ਅਰਨੇਸਟੋ, ਵਿਦਿਆਰਥੀ, ਰਿਸੋ, ਪੇਡਰੋ, ਵਿਦਿਆਰਥੀ ਅਤੇ ਮਹਿਫੂਦ ਟੈਰੇ, ਸੈਂਟੀਆਗੋ, ਵਿਦਿਆਰਥੀ ਸ਼ਾਮਿਲ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਤੋਂ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਐਸੋਸੀਏਟ ਡਾਇਰੈਕਟਰ (ਸੰਸਥਾ ਸਬੰਧ) ਡਾ. ਵਿਸ਼ਾਲ ਬੈਕਟਰ, ਐੱਚ.ਓ.ਡੀ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਡਾ. ਸ਼ਰਨਬੀਰ ਕੌਰ ਬੱਲ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਸਕੱਤਰ ਮਾਰਕੀਟ ਕਮੇਟੀ ਖੰਨਾ ਕਮਲਦੀਪ ਸਿੰਘ ਮਾਨ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦਹਿੜੂ ਵੀ ਮੌਜੂਦ ਸਨ। ਅਰਜਨਟੀਨਾ ਤੋਂ ਆਏ ਇਸ ਵਫ਼ਦ ਨੂੰ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਅਤੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਅਨਾਜ ਮੰਡੀ ਦੀ ਪ੍ਰਕਿਰਿਆ ਇੱਕ ਵਿਵਸਥਿਤ ਢੰਗ ਨਾਲ ਚਲਦੀ ਹੈ, ਜਿਸ ਵਿੱਚ ਪੰਜਾਬ ਸਰਕਾਰ, ਮੰਡੀ ਬੋਰਡ, ਆੜ੍ਹਤੀਏ ਅਤੇ ਕਿਸਾਨ ਸਾਰੇ ਸ਼ਾਮਲ ਹੁੰਦੇ ਹਨ। ਹਰ ਫ਼ਸਲ ਦੇ ਸੀਜ਼ਨ ਵਿੱਚ, ਸਰਕਾਰ ਵੱਲੋਂ ਖਰੀਦ ਦੀਆਂ ਤਰੀਕਾਂ ਐਲਾਨੀਆਂ ਜਾਂਦੀਆਂ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਮੰਡੀ ਦੀ ਪ੍ਰਕਿਰਿਆ ਬਾਰੇ ਦੱਸਿਆ ਕਿ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ, ਪੰਜਾਬ ਸਰਕਾਰ ਦਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਮੰਡੀ ਬੋਰਡ ਨਾਲ ਮਿਲ ਕੇ ਸਾਰੀਆਂ ਤਿਆਰੀਆਂ ਕਰਦਾ ਹੈ। ਇਸ ਵਿੱਚ ਮੰਡੀਆਂ ਦੀ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ ਅਤੇ ਕਿਸਾਨਾਂ ਲਈ ਬੈਠਣ ਦੀਆਂ ਥਾਵਾਂ ਦੇ ਪ੍ਰਬੰਧ ਸ਼ਾਮਲ ਹੁੰਦੇ ਹਨ।ਉਨ੍ਹਾਂ ਦੱਸਿਆ ਕਿ ਫ਼ਸਲ ਪੱਕਣ ਤੋਂ ਬਾਅਦ, ਕਿਸਾਨ ਆਪਣੀ ਫ਼ਸਲ (ਜਿਵੇਂ ਕਣਕ ਜਾਂ ਝੋਨਾ) ਟਰਾਲੀਆਂ ਵਿੱਚ ਲੱਦ ਕੇ ਅਨਾਜ ਮੰਡੀ ਵਿੱਚ ਲੈ ਕੇ ਆਉਂਦੇ ਹਨ। ਕਈ ਵਾਰ ਬਾਰਿਸ਼ ਜਾਂ ਨਮੀ ਜ਼ਿਆਦਾ ਹੋਣ ਕਾਰਨ ਫ਼ਸਲ ਦੀ ਆਮਦ ਵਿੱਚ ਦੇਰੀ ਹੋ ਸਕਦੀ ਹੈ। ਨਮੀ ਦੀ ਜਾਂਚ ਲਈ ਮੰਡੀ ਵਿੱਚ ਆੜ੍ਹਤੀਆ ਜਾਂ ਮੰਡੀ ਬੋਰਡ ਦੇ ਕਰਮਚਾਰੀ ਫ਼ਸਲ ਵਿੱਚ ਨਮੀ ਦੀ ਮਾਤਰਾ ਦੀ ਜਾਂਚ ਕਰਦੇ ਹਨ। ਜੇ ਨਮੀ ਸਰਕਾਰ ਵੱਲੋਂ ਨਿਰਧਾਰਿਤ ਮਾਤਰਾ ਤੋਂ ਵੱਧ ਹੋਵੇ ਤਾਂ ਖਰੀਦ ਵਿੱਚ ਦੇਰੀ ਹੋ ਸਕਦੀ ਹੈ।ਵਫ਼ਦ ਨੂੰ ਅੱਗੇ ਦੱਸਿਆ ਗਿਆ ਕਿ ਨਮੀ ਦੀ ਜਾਂਚ ਤੋਂ ਬਾਅਦ, ਕਿਸਾਨ ਫ਼ਸਲ ਦਾ ਢੇਰ ਲਗਾਉਂਦੇ ਹਨ। ਹਰ ਢੇਰ ਦੀ ਇੱਕ ਵੱਖਰੀ ਪਛਾਣ ਹੁੰਦੀ ਹੈ, ਜਿਸ ਨਾਲ ਬਾਅਦ ਵਿੱਚ ਭੁਗਤਾਨ ਸੌਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ (ਜਿਵੇਂ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਾਂ ਪਨਗ੍ਰੇਨ ਆਦਿ) ਫ਼ਸਲ ਦੀ ਗੁਣਵੱਤਾ ਦੀ ਜਾਂਚ ਕਰਦੀਆਂ ਹਨ। ਸਹੀ ਗੁਣਵੱਤਾ ਵਾਲੀ ਫ਼ਸਲ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) 'ਤੇ ਖਰੀਦਿਆ ਜਾਂਦਾ ਹੈ। ਫ਼ਸਲ ਦੀ ਖਰੀਦ ਹੋਣ ਤੋਂ ਬਾਅਦ, ਇਸ ਦੀ ਤੁਲਾਈ ਕੀਤੀ ਜਾਂਦੀ ਹੈ ਅਤੇ ਬਾਰਦਾਨੇ (ਬੋਰੀਆਂ) ਵਿੱਚ ਭਰਿਆ ਜਾਂਦਾ ਹੈ। ਬੋਰੀਆਂ ਦੀ ਭਰਾਈ ਤੋਂ ਬਾਅਦ, ਖਰੀਦੀ ਗਈ ਫ਼ਸਲ ਨੂੰ ਗੋਦਾਮਾਂ ਵਿੱਚ ਭੇਜਿਆ ਜਾਂਦਾ ਹੈ, ਜਿਸਨੂੰ 'ਲਿਫਟਿੰਗ' ਕਹਿੰਦੇ ਹਨ। ਪੰਜਾਬ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਭੁਗਤਾਨ ਕਰਦੀ ਹੈ। ਅਰਜਨਟੀਨਾ ਤੋਂ ਆਇਆ ਵਫ਼ਦ ਝੋਨੇ ਦੀ ਚੱਲ ਰਹੀ ਖਰੀਦ ਪ੍ਰਕ੍ਰਿਆ ਦੌਰਾਨ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਅਤੇ ਕਿਸਾਨਾਂ, ਆੜ੍ਹਤੀਆਂ ਦੀ ਆਪਸੀ ਭਾਈਚਾਰਕ ਸਾਂਝ ਤੋਂ ਬਹੁਤ ਪ੍ਰਭਾਵਿਤ ਹੋਇਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ