ਜਲੰਧਰ , 14 ਅਕਤੂਬਰ (ਹਿੰ.ਸ.)|
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਅੱਜ ਸੀ.ਪੀ.ਆਰ. ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਸਥਾਨਕ ਰੈੱਡ ਕਰਾਸ ਭਵਨ ਵਿਖੇ ਕਰਵਾਏ ਸੈਮੀਨਾਰ-ਕਮ-ਟ੍ਰੇਨਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਬਹੁਤ ਧਿਆਨ ਨਾਲ ਟ੍ਰੇਨਿੰਗ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਕਿਸੇ ਅਣਸੁਖਾਵੀਂ ਘਟਨਾ, ਕੁਦਰਤੀ ਆਫ਼ਤ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰ ਸਕਣ।ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਜੀਵਨ ਬਚਾਓ ਵਿਧੀ ਸੀ. ਪੀ. ਆਰ. ਟ੍ਰੇਨਿੰਗ ਅਤੇ ਉਸਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸੀ.ਪੀ.ਆਰ. ਦੀ ਸਿਖ਼ਲਾਈ ਬਹੁਤ ਮਹੱਤਵਪੂਰਣ ਕਿਉਂਕਿ ਲੋੜ ਸਮੇਂ ਇਸ ਦੀ ਵਰਤੋਂ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਡਾ. ਰੂਚੀ ਸਿੰਘ ਗੌਰ ਅਤੇ ਡਾ. ਰਿਧੀਮਾ ਨੇ ਬਤੌਰ ਰਿਸੋਰਸ ਪਰਸਨ ਸ਼ਮੂਲੀਅਤ ਕਰਦਿਆਂ ਵਿਦਿਆਰਥੀਆਂ ਨੂੰ ਸੀ.ਪੀ.ਆਰ. ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ।
ਇਸ ਤੋਂ ਪਹਿਲਾਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ ਨੇ ਮੁੱਖ ਮਹਿਮਾਨ, ਡਾਕਟਰੀ ਟੀਮ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਜ਼ਿਕਰਯੋਗ ਹੈ ਕਿ ਸੈਮੀਨਾਰ ਵਿੱਚ ਸਰਕਾਰੀ ਆਈ.ਟੀ.ਆਈ. ਕਾਲਜ ਤੋਂ ਇਲਾਵਾ ਏ.ਪੀ.ਜੇ.ਸਕੂਲ, ਲਾਇਲਪੁਰ ਖਾਲਸਾ ਸਕੂਲ, ਏ.ਐਨ. ਗੁਜਰਾਲ ਸਕੂਲ ਸਮੇਤ ਵੱਖ-ਵੱਖ ਸਕੂਲਾਂ ਦੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ 350 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਲੇਖਾਕਾਰ ਨੇਕ ਰਾਮ, ਸੁਨੀਲ ਕੁਮਾਰ, ਸ਼ੀਨੂ ਭਗਤ, ਸੁਰੇਖਾ ਸ਼ਰਮਾ ਤੋਂ ਇਲਾਵਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਸਮੁੱਚੀ ਟੀਮ ਮੌਜੂਦ ਸੀ।
=============================
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ