ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ (ਹਿੰ. ਸ.)। ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ / ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਐਸ.ਸੀ. ਲਾਭਪਾਤਰੀਆਂ ਲਈ 2 ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ ਦਾ ਦੂਜਾ ਬੈਚ 27 ਅਕਤੂਬਰ 2025 ਤੋਂ ਡੇਅਰੀ ਸਿਖਲਾਈ ਕੇਂਦਰ ਚਤਾਮਲੀ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ, ਐਸ.ਏ.ਐਸ. ਨਗਰ ਨੇ ਦੱਸਿਆ ਕਿ ਇਸ ਸਿਖਲਾਈ ਲਈ ਉਮੀਦਵਾਰ ਦੀ ਉਮਰ 18 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ ਪੰਜਵੀਂ ਜਮਾਤ ਪਾਸ ਹੋਣੀ ਲਾਜ਼ਮੀ ਹੈ। ਸਿਰਫ਼ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਹੀ ਇਸ ਸਿਖਲਾਈ ਲਈ ਯੋਗ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਿਖਲਾਈ ਪੂਰੀ ਤਰ੍ਹਾਂ ਮੁਫ਼ਤ ਹੈ — ਇਸਦੀ ਕੋਈ ਫੀਸ ਨਹੀਂ ਹੈ। ਇਸਦੇ ਨਾਲ ਹੀ ਹਰ ਸਿਖਿਆਰਥੀ ਨੂੰ ਸਿਖਲਾਈ ਪੂਰੀ ਕਰਨ ਉਪਰੰਤ 3500 ਰੁਪਏ ਦਾ ਵਜੀਫ਼ਾ ਦਿੱਤਾ ਜਾਵੇਗਾ। ਸਿਖਲਾਈ ਦੌਰਾਨ ਚਾਹ-ਬਿਸਕੁੱਟ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਰਹੇਗਾ।
ਡੇਅਰੀ ਇੰਸਪੈਕਟਰ ਕਰਨਵੀਰ ਸਿੰਘ ਬਾਵਾ ਨੇ ਐਸ.ਸੀ. ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਡੇਅਰੀ ਸਿਖਲਾਈ ਵਿੱਚ ਸ਼ਮੂਲੀਅਤ ਕਰਕੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਲੈਣ ਅਤੇ ਡੇਅਰੀ ਧੰਦੇ ਨੂੰ ਵਪਾਰਕ ਪੱਧਰ ‘ਤੇ ਅੱਗੇ ਵਧਾਉਣ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਫਸਲੀ ਚੱਕਰ ਵਿੱਚ ਬਦਲਾਅ ਦੇ ਮੱਦੇਨਜ਼ਰ ਡੇਅਰੀ ਧੰਦਾ ਇੱਕ ਲਾਭਦਾਇਕ ਬਦਲ ਸਾਬਤ ਹੋ ਸਕਦਾ ਹੈ।
ਚਾਹਵਾਨ ਐਸ.ਸੀ. ਲਾਭਪਾਤਰੀ ਡਿਪਟੀ ਡਾਇਰੈਕਟਰ ਡੇਅਰੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ. ਨਗਰ, ਕਮਰਾ ਨੰਬਰ 434 (ਤੀਜੀ ਮੰਜ਼ਿਲ) ‘ਤੇ ਕਿਸੇ ਵੀ ਕੰਮ ਵਾਲੇ ਦਿਨ ਦੌਰਾਨ ਅਰਜ਼ੀ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 9501502846 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ