ਜਗਰਾਉਂ/ਲੁਧਿਆਣਾ, 14 ਅਕਤੂਬਰ (ਹਿੰ. ਸ.)। ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਦੀ ਪ੍ਰਧਾਨਗੀ ਹੇਠ ਸਹਿਕਾਰਤਾ ਵਿਭਾਗ, ਸਬ-ਡਵੀਜ਼ਨ ਜਗਰਾਓਂ ਵੱਲੋਂ ਇੱਕ ਸਹਿਕਾਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਆਯੋਜਨ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਾਹਿਲ ਰਵੀ ਗਰਗ ਨੇ ਕੀਤਾ। ਮੀਟਿੰਗ ਵਿੱਚ ਸਬ-ਡਿਵੀਜ਼ਨ ਜਗਰਾਓਂ ਅਧੀਨ ਆਉਂਦੀਆਂ ਸਹਿਕਾਰੀ ਸਭਾਵਾਂ ਦੇ ਸਕੱਤਰ ਅਤੇ ਪ੍ਰਧਾਨਾਂ ਨੇ ਸ਼ਿਰਕਤ ਕੀਤੀ।ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਸਹਿਕਾਰੀ ਲਹਿਰ ਅਤੇ ਇਸ ਦੀ ਭੂਮਿਕਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਖਾਸ ਤੌਰ 'ਤੇ ਸੰਯੁਕਤ ਰਾਸ਼ਟਰ ਦੁਆਰਾ 2025 ਨੂੰ 'ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ' (Internaitonal Year of Cooperaitves) ਵਜੋਂ ਐਲਾਨਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਦਾ ਵਿਸ਼ਾ 'ਸਹਿਕਾਰਤਾ ਇੱਕ ਬਿਹਤਰ ਸੰਸਾਰ ਦਾ ਨਿਰਮਾਣ ਕਰਦੀ ਹੈ' (Cooperatives Build a Better World) ਹੈ। ਇਹ ਵਰ੍ਹਾ ਸਹਿਕਾਰੀ ਸਭਾਵਾਂ ਦੇ ਗਰੀਬੀ ਘਟਾਉਣ, ਰੁਜ਼ਗਾਰ ਪੈਦਾ ਕਰਨ, ਅਤੇ ਸਮਾਜਿਕ ਏਕੀਕਰਨ ਵਿੱਚ ਮਹੱਤਵਪੂਰਨ ਯੋਗਦਾਨ ਬਾਰੇ ਜਾਗਰੂਕਤਾ ਵਧਾਉਣ ਲਈ ਮਨਾਇਆ ਜਾ ਰਿਹਾ ਹੈ।ਮੀਟਿੰਗ ਦੌਰਾਨ ਵਿਧਾਇਕ ਮਾਣੂਕੇ ਅਤੇ ਏ.ਆਰ. ਸਾਹਿਲ ਰਵੀ ਗਰਗ ਨੇ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੁਸਾਇਟੀਜ਼ (PACS) ਦੇ ਕੰਪਿਊਟਰੀਕਰਨ ਅਤੇ 'ਸਹਿਕਾਰ ਸੇ ਸਮ੍ਰਿੱਧੀ' ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਗਿਆ। ਇਸ ਤੋਂ ਇਲਾਵਾ, ਹਾਜ਼ਰ ਸਕੱਤਰਾਂ ਅਤੇ ਪ੍ਰਧਾਨਾਂ ਨੂੰ ਪਰਾਲੀ ਸਾੜਨ ਦੀ ਸਮੱਸਿਆ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (CRM Machinery) ਦੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਅਤੇ ਇਸ ਸਬੰਧੀ ਸੰਵੇਦਨਸ਼ੀਲ ਡਾਟਾ ਅੱਪਡੇਟ ਕਰਨ ਬਾਰੇ ਵੀ ਦੱਸਿਆ ਗਿਆ।ਵਿਧਾਇਕਾ ਮਾਣੂਕੇ ਨੇ ਸੂਬਾ ਸਰਕਾਰ ਵੱਲੋਂ ਸਹਿਕਾਰੀ ਲਹਿਰ ਅਤੇ ਸਮੁੱਚੇ ਸਹਿਕਾਰੀ ਵਿਭਾਗ ਨੂੰ ਉੱਚਾ ਚੁੱਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਹਾਲ ਹੀ ਵਿੱਚ ਕੀਤੀਆਂ ਗਈਆਂ ਸੋਧਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਰਕਾਰ ਵਲੋਂ ਸੁਸਾਇਟੀਆਂ ਰਾਂਹੀ ਦਿੱਤੇ ਜਾਂਦੇ ਸੁਖਾਲੇ ਕਰਜੇ ਅਤੇ ਸਾਸਾਇਟੀਆਂ ਵਿੱਚੋਂ ਕਰਜਾ ਲੈਣ ਦੇ ਫਾਇਦਿਆਂ ਬਾਰੇ ਦੱਸਿਆ। ਉਨ੍ਹਾਂ ਪੇਂਡੂ ਖੇਤਰਾਂ ਵਿੱਚ ਸਹਿਕਾਰਤਾ ਅਤੇ ਸਵੈ-ਸ਼ਾਸਨ ਦੀ ਮਹੱਤਤਾ ਬਾਰੇ ਸਭਾ ਦੇ ਪ੍ਰਧਾਨਾਂ ਨੂੰ ਜਾਗਰੁਕ ਕੀਤਾ ਅਤੇ ਵਿਸਥਾਰ ਚਰਚਾ ਕੀਤੀ।ਮੀਟਿੰਗ ਦੇ ਅੰਤ ਵਿੱਚ, ਸਾਹਿਲ ਰਵੀ ਗਰਗ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਹਿਕਾਰੀ ਖੇਤਰ ਦੇ ਵਿਕਾਸ ਲਈ ਨਿਰੰਤਰ ਯਤਨ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ, ਲੀਲਾਂ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਸਹਾਇਕ ਰਜਿਸਟਰਾਰ ਸਾਹਿਲ ਰਵੀ ਗਰਗ ਨੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਦਾ ਸਨਮਾਨ ਕਰਦਿਆਂ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਸਹਿਕਾਰੀ ਖੇਤਰ ਦੇ ਮੁੱਦਿਆਂ ਨੂੰ ਸੁਣਨ ਲਈ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ