ਹੁਸ਼ਿਆਰਪੁਰ, 14 ਅਕਤੂਬਰ (ਹਿੰ. ਸ.)। ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਦਪਿੰਦਰ ਸਿੰਘ ਵੱਲੋਂ ਜ਼ਿਲ੍ਹੇ ਦੇ ਸਾਰੇ ਖਾਦ ਵਿਕਰੇਤਾਵਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਸਬਸਿਡੀ ਵਾਲੀ ਖ਼ਾਦ ਨਾਲ ਹੋਰ ਕੋਈ ਸਾਮਾਨ ਟੈਗ ਕਰਕੇ ਨਾ ਵੇਚਿਆ ਜਾਵੇ ਅਤੇ ਖ਼ਾਦਾਂ ਦੀ ਵਿਕਰੀ ਸਿਰਫ਼ ਸਰਕਾਰ ਦੁਆਰਾ ਨਿਰਧਾਰਿਤ ਕੀਮਤ ‘ਤੇ ਹੀ ਕੀਤੀ ਜਾਵੇ। ਜੇ ਕਿਸੇ ਵੀ ਵਿਕਰੇਤਾ ਵੱਲੋਂ ਖ਼ਾਦ ਉੱਚੀ ਕੀਮਤ ‘ਤੇ ਵੇਚੀ ਗਈ, ਤਾਂ ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਵਿਕਰੀ ‘ਤੇ ਬਿੱਲ ਜਾਰੀ ਕਰਨਾ ਲਾਜ਼ਮੀ ਹੈ। ਕਿਸੇ ਵੀ ਕਿਸਾਨ ਨੂੰ ਬਿਨਾਂ ਬਿੱਲ ਦਿੱਤੇ ਖ਼ਾਦ ਨਾ ਵੇਚੀ ਜਾਵੇ। ਜੇਕਰ ਕਿਸੇ ਵੀ ਵਿਕਰੇਤਾ ਵੱਲੋਂ ਉਪਰੋਕਤ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਖਿਲਾਫ਼ ਖਾਦ ਕੰਟਰੋਲ ਆਰਡਰ, 1985 (ਐਫ.ਸੀ.ਓ 1985) ਅਤੇ ਜ਼ਰੂਰੀ ਵਸਤੂਆਂ ਐਕਟ, 1955 (ਈ.ਸੀ.ਏ 1955) ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ