ਬਨੂੰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 15 ਅਕਤੂਬਰ (ਹਿੰ. ਸ.)। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੋਹਾਲੀ ਜ਼ਿਲ੍ਹੇ ਵਿੱਚ ਬਨੂੜ ਸਬ ਤਹਿਸੀਲ ਦੇ ਰਾਜਪੁਰਾ ਵਿਧਾਨ ਸਭਾ ਹਲਕੇ ਚ ਪੈਂਦੇ ਪਿੰਡ ਰਾਮਪੁਰ ਕਲਾਂ ਤੋਂ ਭਗਵੰਤ ਸਿੰਘ ਮਾਨ ਸਰਕਾਰ ਦੀ ਵਚਨਬੱਧਤਾ ਤਹਿਤ ਹੜ੍ਹ ਪ੍ਰਭਾਵਿਤਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ। ਉਹਨਾਂ ਇਸ ਮੌਕੇ 49 ਲੱਖ ਰੁਪਏ ਦੇ ਮੁਆਵਜ਼ਾ ਮਨਜ਼ੂਰੀ ਪੱਤਰਾਂ ਦੀ ਕਰੀਬ 30 ਪਰਿਵਾਰਾਂ ਨੂੰ ਵੰਡ ਕੀਤੀ।
ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਦੀਵਾਲੀ ਤੋਂ ਪਹਿਲਾਂ ਰਾਹਤ ਪ੍ਰਦਾਨ ਕਰਨ ਦਾ ਪੰਜਾਬ ਸਰਕਾਰ ਨੇ ਵਾਅਦਾ ਪੂਰਾ ਕਰਦਿਆਂ ਸਿਰਫ਼ 30 ਦਿਨਾਂ ਵਿੱਚ ਹੀ ਹੜ੍ਹ ਪੀੜਤਾਂ ਨੂੰ ਸਭ ਤੋਂ ਵੱਡੀ ਮੁਆਵਜ਼ਾ ਰਕਮ ਦੇਣੀ ਸ਼ੁਰੂ ਕਰ ਦਿੱਤੀ ਹੈ। ਅੱਜ ਸਮੁੱਚੇ ਪੰਜਾਬ ਵਿੱਚ ਉਨ੍ਹਾਂ ਸਮੇਤ 13 ਮੰਤਰੀ 'ਮਿਸ਼ਨ ਪੁਨਰਵਾਸ' ਤਹਿਤ ਰਾਹਤ ਫੰਡ ਵੰਡਣ ਲਈ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿੰਨ ਦਿਨ ਪਹਿਲਾਂ ਅਜਨਾਲਾ ਵਿੱਚ 631 ਕਿਸਾਨਾਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡ ਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਅੱਜ ਸਮੁੱਚੇ ਪੰਜਾਬ ਵਿੱਚ ਅੱਗੇ ਵਧਾਇਆ ਗਿਆ ਹੈ।
ਉਹਨਾਂ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ ਗਿਆ ਹੈ ਜਦ ਕਿ ਪਹਿਲੀਆਂ ਸਰਕਾਰਾਂ ਮੌਕੇ ਮੁਆਵਜ਼ੇ ਦੇ ਨਾਂ ਤੇ ਹੜ੍ਹ ਪੀੜਤਾਂ ਅਤੇ ਕਿਸਾਨਾਂ ਨਾਲ ਕੋਝਾ ਮਜ਼ਾਕ ਹੀ ਹੁੰਦਾ ਸੀ। ਇਹ ਪੰਜਾਬ ਦੀ ਲੋਕਾਂ ਦੀ ਆਪਣੀ ਭਗਵੰਤ ਸਿੰਘ ਮਾਨ ਸਰਕਾਰ ਹੀ ਹੈ ਜਿਸ ਨੇ ਮੁਆਵਜੇ ਦੀ ਰਾਸ਼ੀ ਵਧਾ ਕੇ 20 ਹਜ਼ਾਰ ਕੀਤੀ ਹੈ। ਉਹਨਾਂ ਕਿਹਾ ਕਿ ਭਾਵੇਂ ਹੋਏ ਨੁਕਸਾਨ ਦੇ ਮੁਕਾਬਲੇ ਇਹ ਰਾਸ਼ੀ ਘੱਟ ਹੋ ਸਕਦੀ ਹੈ ਪ੍ਰੰਤੂ ਇਸ ਨਾਲ ਸਰਕਾਰ ਦੀ ਲੋਕਾਂ ਨਾਲ ਖੜ੍ਹਨ ਦੀ ਨੀਅਤ 'ਤੇ ਕੋਈ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹਨਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਜਿਹੜਾ ਪੰਜਾਬ ਦੇਸ਼ ਦੇ ਅੰਨ ਭੰਡਾਰ ਭਰਦਾ ਹੈ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਹੈ, ਉਸ ਨੂੰ ਅੱਜ ਮੁਆਵਜੇ ਦੇ ਨਾਂ ਤੇ ਦੇਸ਼ ਦੀ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਜਿਹੜਾ 1600 ਕਰੋੜ ਵਿੱਚੋਂ 805 ਕਰੋੜ ਰੁਪਏ ਪਹਿਲਾਂ ਹੀ ਸੂਬੇ ਨੂੰ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਤਾਂ ਚਾਰ ਮਹੀਨੇ ਪਹਿਲਾਂ ਹੀ ਸੂਬੇ ਕੋਲ ਸੁਬਾਈ ਆਪਦਾ ਫੰਡਾਂ, ਨੈਸ਼ਨਲ ਹਾਈਵੇਅ ਫੰਡਾਂ ਦੇ ਰੂਪ ਵਿੱਚ ਪਏ ਸਨ।
ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹਿੰਮਤੀ ਅਤੇ ਜਜ਼ਬੇ ਵਾਲੇ ਹਨ, ਭਾਵੇਂ ਇਸ ਵਾਰ ਦੇ ਹੜ੍ਹਾਂ ਦੀ ਮਾਰ 1988 ਦੇ ਹੜ੍ਹਾਂ ਤੋਂ ਬਹੁਤ ਜ਼ਿਆਦਾ ਹੈ ਅਤੇ ਸਾਡੇ ਸਰਹੱਦੀ ਜ਼ਿਲ੍ਹਿਆਂ ਵਿੱਚ ਤਾਂ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ ਪ੍ਰੰਤੂ ਫਿਰ ਵੀ ਪੰਜਾਬ ਦੇ ਦਲੇਰ ਲੋਕ ਇੱਕ ਦੂਜੇ ਦੀ ਮਦਦ ਲਈ ਇਸ ਸੰਕਟ ਦੇ ਸਮੇਂ ਅੱਗੇ ਆ ਕੇ ਫਿਰ ਮਿਸਾਲ ਕਾਇਮ ਕਰ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਪ੍ਰਸ਼ਾਸਨ, ਜਥੇਬੰਦੀਆਂ, ਸੂਬੇ ਦੇ ਲੋਕਾਂ ਅਤੇ ਐਨ ਜੀ ਓਜ਼ ਦਾ ਯੋਗਦਾਨ ਵੀ ਵਡਮੁੱਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਐਮ ਐਲ ਏ ਰਾਜਪੁਰਾ ਨੀਨਾ ਮਿੱਤਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ, ਦਿਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਹਨ੍ਹੇਰੇ ਘਰਾਂ ਵਿੱਚ ਰੌਸ਼ਨੀ ਦੀ ਚਿਣਗ ਬਾਲੀ ਗਈ ਹੈ। ਉਹਨਾਂ ਕਿਹਾ ਕਿ ਭਾਵੇਂ ਨੁਕਸਾਨ ਦੇ ਮੁਕਾਬਲੇ ਮੁਆਵਜ਼ਾ ਪੂਰਾ ਮੁੱਲ ਨਹੀਂ ਮੋੜ ਸਕਦਾ ਪਰੰਤੂ ਇਸ ਨਾਲ ਸਰਕਾਰ ਵੱਲੋਂ ਇੱਕ ਇਹ ਵਚਨਬੱਤਾ ਜ਼ਾਹਿਰ ਹੋ ਜਾਂਦੀ ਹੈ ਕਿ ਸਰਕਾਰ ਦੁੱਖ ਦੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਹੈ। ਉਨਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੀ ਅੱਜ ਰਾਜਪੁਰਾ ਹਲਕੇ ਦੇ ਬਨੂੜ ਇਲਾਕੇ ਵਿੱਚ ਹੜ੍ਹ ਪ੍ਰਭਾਵਿਤਾਂ ਨੂੰ ਮੁਆਵਜ਼ੇ ਦੀ ਵੰਡ ਦੀ ਸ਼ੁਰੂਆਤ ਕਰਨ 'ਤੇ ਉਹਨਾਂ ਦਾ ਧੰਨਵਾਦ ਪ੍ਰਗਟਾਇਆ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਮੌਕੇ ਆਖਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ 49 ਲੱਖ ਰੁਪਏ ਦੇ ਮੁਆਵਜਾ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ ਜੋ ਕਿ ਸ਼ਾਮ ਤੱਕ ਸਬੰਧਤ ਪੀੜਤਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਣਗੇ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਕਾਨੂਗੋ, ਪਟਵਾਰੀ, ਨਾਇਬ ਤਹਸੀਲਦਾਰ ਜਾਂ ਡੀ ਸੀ ਦਫ਼ਤਰ ਮੋਹਾਲੀ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਵਿਸ਼ਵਾਸ ਦਿਵਾਇਆ ਕਿ ਮੁਆਵਜ਼ਾ ਹਰ ਉਸ ਬੰਦੇ ਨੂੰ ਪਾਰਦਰਸ਼ਤਾ ਨਾਲ ਮਿਲੇਗਾ ਜਿਸ ਦਾ ਇਹਨਾਂ ਬਾਰਿਸ਼ਾਂ ਨਾਲ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਅੱਜ ਰਾਮਪੁਰ ਕਲਾਂ, ਮਨੌਲੀ ਸੂਰਤ ਅਤੇ ਸਲੇਮਪੁਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਮਨਜ਼ੂਰੀ ਪੱਤਰ ਦਿੱਤੇ ਗਏ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ