ਨਵੀਂ ਦਿੱਲੀ, 15 ਅਕਤੂਬਰ (ਹਿੰ.ਸ.)। ਮੰਗੋਲੀਆ ਦੇ ਉਪ ਪ੍ਰਧਾਨ ਮੰਤਰੀ ਸੈਨਬੁਯਾਨ ਅਮਰਸਾਈਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਵਪਾਰ, ਆਰਥਿਕ, ਸੱਭਿਆਚਾਰਕ, ਵਿਦਿਅਕ ਅਤੇ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਵਪਾਰਕ ਚੁਣੌਤੀਆਂ ਦੇ ਬਾਵਜੂਦ, ਭਾਰਤ ਇੱਕ ਵੱਡੀ ਆਰਥਿਕ ਸ਼ਕਤੀ ਵਜੋਂ ਉੱਭਰ ਰਿਹਾ ਹੈ, ਜੋ ਕਿ ਬਹੁਤ ਜ਼ਿਆਦਾ ਸੰਭਾਵਨਾਵਾਂ ਪੇਸ਼ ਕਰਦਾ ਹੈ।
ਅਮਰਸਾਈਖਾਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਭਾਰਤ ਨਾਲ ਆਪਣੇ ਵਪਾਰ, ਆਰਥਿਕ, ਸੱਭਿਆਚਾਰਕ, ਵਿਦਿਅਕ ਅਤੇ ਫੌਜੀ ਸਹਿਯੋਗ ਨੂੰ ਵਧਾਉਣ ਲਈ ਤਤਪਰ ਹਾਂ। ਦੁਨੀਆ ਭਰ ਵਿੱਚ ਵਪਾਰਕ ਮੁੱਦੇ ਹਨ, ਪਰ ਭਾਰਤ ਦਾ ਵਿਸ਼ਾਲ ਬਾਜ਼ਾਰ ਉਸਨੂੰ ਇੱਕ ਰਣਨੀਤਕ ਭਾਈਵਾਲ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਭਾਰਤ-ਮੰਗੋਲੀਆ ਕੂਟਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ’ਤੇ ਮੰਗੋਲੀਆ ਦਾ ਦੌਰਾ ਕੀਤਾ ਸੀ। ਹੁਣ, ਮੰਗੋਲੀਆ ਦੇ ਰਾਸ਼ਟਰਪਤੀ ਭਾਰਤ-ਮੰਗੋਲੀਆ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਸਮੇਂ (13-16 ਅਕਤੂਬਰ) ਭਾਰਤ ਦੇ ਰਾਜ ਦੌਰੇ 'ਤੇ ਹਨ।
ਅਮਰਸਾਈਖਾਨ ਨੇ ਕਿਹਾ ਕਿ ਭਾਰਤ ਅਤੇ ਮੰਗੋਲੀਆ ਵਿੱਚ ਰਣਨੀਤਕ ਭਾਈਵਾਲੀ ਹੈ ਅਤੇ ਕਈ ਦੁਵੱਲੇ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਨੇ ਇਸ ਦੌਰੇ ਨੂੰ ਨਵੇਂ ਮੌਕਿਆਂ ਨਾਲ ਭਰਪੂਰ ਦੱਸਿਆ ਅਤੇ ਉਮੀਦ ਪ੍ਰਗਟ ਕੀਤੀ ਕਿ ਵਪਾਰ ਨਾਲ ਸਬੰਧਤ ਮੁੱਦਿਆਂ ਦਾ ਸੰਤੁਲਨ ਅਤੇ ਹੱਲ ਲੱਭਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੰਗੋਲੀਆ ਦੇ ਉਪ ਪ੍ਰਧਾਨ ਮੰਤਰੀ ਰਾਸ਼ਟਰਪਤੀ ਖੁਰੇਲਸੁਖ ਉਖਨਾ ਦੀ ਅਗਵਾਈ ਵਾਲੇ ਵਫ਼ਦ ਦਾ ਹਿੱਸਾ ਹਨ, ਜੋ ਭਾਰਤ ਦੇ ਚਾਰ ਦਿਨਾਂ ਦੌਰੇ 'ਤੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ