ਭਾਸ਼ਾ ਵਿਭਾਗ ਪੰਜਾਬ ਵੱਲੋਂ ਐਮ.ਆਰ.ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਦਾ ਆਯੋਜਨ
ਫਾਜ਼ਿਲਕਾ, 15 ਅਕਤੂਬਰ (ਹਿੰ. ਸ.)। ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਭਾਗ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ
,


ਫਾਜ਼ਿਲਕਾ, 15 ਅਕਤੂਬਰ (ਹਿੰ. ਸ.)। ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਭਾਗ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਵਿੱਚ ਰੁਚੀ ਪ੍ਰਫੁੱਲਿਤ ਕਰਨ ਹਿਤ ਹਰ ਸਾਲ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਖੋਜ ਅਫ਼ਸਰ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਾਜ਼ਿਲਕਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਥਾਨਕ ਐਮ.ਆਰ.ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਸਰਕਾਰੀ,ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ਼ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਲਈ ਤਿੰਨ ਵਰਗ ਨਿਰਧਾਰਿਤ ਕੀਤੇ ਗਏ ਹਨ। ਵਰਗ ਓ ਵਿੱਚ ਅੱਠਵੀਂ ਤੱਕ, ਵਰਗ ਅ ਵਿੱਚ ਨੌਵੀਂ ਤੋਂ ਬਾਰ੍ਹਵੀਂ ਅਤੇ ਵਰਗ ਈ ਵਿੱਚ ਗਰੇਜੁਏਸ਼ਨ ਤੱਕ ਦੇ ਵਿਦਿਆਰਥੀ ਭਾਗ ਲੈਂਦੇ ਹਨ। ਫ਼ਾਜ਼ਿਲਕਾ ਜ਼ਿਲ੍ਹੇ ਦੇ ਮੁਕਾਬਲਿਆਂ ਵਿੱਚ ਓ ਵਰਗ ਵਿੱਚ ਨਵਪ੍ਰੀਤ ਕੌਰ (ਸ.ਮਿ.ਸ.ਹੌਜ ਖਾਸ), ਗੁਰਸੀਰਤ ਕੌਰ (ਸ.ਸ.ਸ.ਸ. ਕਿੜਿਆਂ ਵਾਲੀ), ਹਰਸੀਰਤ ਕੌਰ (ਐਲ.ਆਰ.ਐਸ.ਡੀ.ਏ.ਵੀ. ਸੀ.ਸੈ. ਮਾਡਲ ਸਕੂਲ ਅਬੋਹਰ), ਅ-ਵਰਗ ਵਿੱਚ ਦਿਸ਼ਾ ਰਾਣੀ( ਸ.ਕੰ.ਹ.ਸ.ਜੰਡਵਾਲਾ ਹਨੁੰਵੰਤਾ), ਜੈਸਮੀਨ ਕੌਰ (ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ ਕੇਰਾ ਖੇੜਾ), ਕੁਲਜਿੰਦਰ ਕੌਰ (ਐਸ.ਜੀ.ਜੇ.ਡੀ.ਏ.ਵੀ. ਸੀ.ਸੈ.ਸਕੂਲ ਹਰੀਪੁਰਾ) ਅਤੇ ਈ- ਵਰਗ ਵਿੱਚ ਆਪਿਕਾ (ਨੈਸ਼ਨਲ ਡਿਗਰੀ ਕਾਲਜ, ਚੁਆੜਿਆਂ ਵਾਲੀ), ਹਰਮਨਪ੍ਰੀਤ ਕੌਰ (ਨੈਸ਼ਨਲ ਡਿਗਰੀ ਕਾਲਜ, ਚੁਆੜਿਆਂ ਵਾਲੀ), ਨਿਸ਼ਾ ਰਾਣੀ (ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਤਿੰਨੇ ਵਰਗਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਵੰਬਰ ਵਿੱਚ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ।

ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਇਨਾਮ ਵਜੋਂ ਨਕਦ ਰਾਸ਼ੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੁਕਾਬਲੇ ਦੌਰਾਨ ਭੁਪਿੰਦਰ ਕੁਮਾਰ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਜੀ ਹਾਜ਼ਰ ਹੋਏ। ਮੁੱਖ ਮਹਿਮਾਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਮੁਕਾਬਲੇ ਜਿੱਥੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਵਿਦਿਆਰਥੀਆਂ ਦੀ ਸਾਂਝ ਪੈਦਾ ਕਰਦੇ ਹਨ ਉੱਥੇ ਹੀ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਦਾ ਸੰਚਾਰ ਵੀ ਕਰਦੇ ਹਨ। ਪ੍ਰਿੰਸੀਪਲ ਗੁਰਮਿੰਦਰ ਕੌਰ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਉਹਨਾਂ ਦੀ ਸੰਸਥਾ ਭਵਿੱਖ ਵਿੱਚ ਵੀ ਵਿਭਾਗ ਨੂੰ ਅਜਿਹੇ ਕਾਰਜਾਂ ਵਿੱਚ ਪੂਰਨ ਸਹਿਯੋਗ ਦੇਵੇਗੀ। ਮੁਕਾਬਲੇ ਦੇ ਪ੍ਰਬੰਧਨ ਲਈ ਪ੍ਰਿੰਸੀਪਲ ਐਮ.ਆਰ.ਕਾਲਜ ਅਤੇ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਤੋਂ ਨੋਡਲ ਅਫ਼ਸਰ ਵਿਜੈਪਾਲ ਅਤੇ ਗੁਰਸ਼ਿੰਦਰ ਪਾਲ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande