ਤੇਲ ਅਵੀਵ, 15 ਅਕਤੂਬਰ (ਹਿੰ.ਸ.)। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਬਾਕੀ ਮ੍ਰਿਤਕ ਬੰਧਕਾਂ ਬਾਰੇ ਜਾਣਕਾਰੀ ਕੁਝ ਘੰਟਿਆਂ ਵਿੱਚ ਮਿਲਣ ਦੀ ਉਮੀਦ ਹੈ।ਨੇਤਨਯਾਹੂ ਨੇ ਕੇਂਦਰੀ ਇਜ਼ਰਾਈਲ ਦੇ ਇੱਕ ਹਸਪਤਾਲ ਵਿੱਚ ਰਿਹਾਅ ਕੀਤੇ ਬੰਧਕਾਂ ਨਾਲ ਮੁਲਾਕਾਤ ਦੌਰਾਨ ਕਿਹਾ, ਸਾਨੂੰ ਉਮੀਦ ਹੈ ਕਿ ਜਲਦੀ ਹੀ ਹੋਰ ਮ੍ਰਿਤਕ ਬੰਧਕਾਂ ਦੀ ਵਾਪਸੀ ਬਾਰੇ ਖ਼ਬਰ ਮਿਲੇਗੀ। ਪਰ ਸਾਡਾ ਸੰਕਲਪ ਸਾਰਿਆਂ ਨੂੰ ਵਾਪਸ ਲਿਆਉਣ ਦਾ ਹੈ।’’
ਇਜ਼ਰਾਈਲ ਨੇ ਮ੍ਰਿਤਕ ਬੰਧਕਾਂ ਦੀਆਂ ਲਾਸ਼ਾਂ ਦੀ ਵਾਪਸੀ ਵਿੱਚ ਦੇਰੀ 'ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ, ਮੰਗਲਵਾਰ ਨੂੰ ਗਾਜ਼ਾ ਨੂੰ ਮਨੁੱਖੀ ਸਹਾਇਤਾ ਅੱਧੀ ਕਰ ਦਿੱਤੀ ਅਤੇ ਰਫਾਹ ਸਰਹੱਦੀ ਲਾਂਘੇ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਦੌਰਾਨ, ਹਮਾਸ ਦਾ ਕਹਿਣਾ ਹੈ ਕਿ ਕੁਝ ਮ੍ਰਿਤਕ ਬੰਧਕਾਂ ਦੇ ਅਵਸ਼ੇਸ਼ਾਂ ਨੂੰ ਕੱਢਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਗਾਜ਼ਾ ਦੇ ਕਈ ਹਿੱਸਿਆਂ ਵਿੱਚ ਮਲਬੇ ਹੇਠ ਦਫ਼ਨ ਥਾਵਾਂ ਦਾ ਪਤਾ ਨਹੀਂ ਲੱਗ ਰਿਹਾ ਹੈ।
ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਐਤਵਾਰ ਨੂੰ ਇਸ ਮੁਸ਼ਕਲ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਸ਼ਾਇਦ ਕੁਝ ਬੰਧਕ ਕਦੇ ਵਾਪਸ ਨਹੀਂ ਆ ਸਕਦੇ। ਗਾਜ਼ਾ ਯੁੱਧ ਦੌਰਾਨ ਬੰਧਕਾਂ ਦੀ ਰਿਹਾਈ ਅਤੇ ਅਵਸ਼ੇਸ਼ਾਂ ਦੀ ਵਾਪਸੀ ਨੂੰ ਲੈ ਕੇ ਚੱਲ ਰਿਹਾ ਤਣਾਅ ਹੁਣ ਮਨੁੱਖੀ ਸੰਕਟ ਅਤੇ ਕੂਟਨੀਤਕ ਟਕਰਾਅ ਦਾ ਨਵਾਂ ਕੇਂਦਰ ਬਣ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ