ਮੋਹਾਲੀ, 16 ਅਕਤੂਬਰ (ਹਿੰ. ਸ.)। ਵੱਖ-ਵੱਖ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਅੱਜ ਅਪਣੇ ਦਫ਼ਤਰ ਵਿਚ ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮਹੀਨਾਵਾਰ ਬੈਠਕ ਕੀਤੀ ਅਤੇ ਜ਼ਰੂਰੀ ਹਦਾਇਤਾਂ ਦਿਤੀਆਂ। ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਹੋਰ ਸਬੰਧਤ ਬੀਮਾਰੀਆਂ ਦੀ ਰੋਕਥਾਮ ’ਤੇ ਖ਼ਾਸ ਜ਼ੋਰ ਦਿੰਦਿਆਂ ਸਿਵਲ ਸਰਜਨ ਨੇ ਤਮਾਮ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਘਰ-ਘਰ ਜਾ ਕੇ ਕੀਤੀ ਜਾ ਰਹੀ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਲ੍ਹੇ ਵਿਚ ਡੇਂਗੂ ਦੇ ਕੇਸ ਬਹੁਤ ਘੱਟ ਹਨ, ਪਰ ਇਸ ਦੇ ਬਾਵਜੂਦ ਚੌਕਸੀ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈ ਸਿਵਲ ਸਰਜਨ ਕਾਨਫ਼ਰੰਸ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹੇ ਵਿਚ ਡੇਂਗੂ ਰੋਕਥਾਮ ਲਈ ਵਧੀਆ ਕਾਰਗੁਜ਼ਾਰੀ ਵਾਸਤੇ ਡਾ. ਸੰਗੀਤਾ ਜੈਨ ਦਾ ਸਨਮਾਨ ਕੀਤਾ ਸੀ। ਡਾ. ਜੈਨ ਨੇ ਇਸ ਸਨਮਾਨ ਲਈ ਅਧਿਕਾਰੀਆਂ ਸਮੇਤ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਹੋਰ ਜ਼ਿਆਦਾ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ।
ਸਿਵਲ ਸਰਜਨ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਡਾਕਟਰ ਦੁਆਰਾ ਲਿਖੀ ਹਰ ਦਵਾਈ ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਹੀ ਮਿਲਣੀ ਚਾਹੀਦੀ ਹੈ ਅਤੇ ਇਸ ਨੀਤੀ ਦੀ ਪਾਲਣਾ ਹਰ ਹਾਲਤ ਵਿਚ ਯਕੀਨੀ ਬਣਾਈ ਜਾਵੇ। ਜੇ ਕੋਈ ਦਵਾਈ ਨਿੱਜੀ ਦੁਕਾਨ ਵਿਚ ਉਪਲਭਧ ਹੈ ਤਾਂ ਸੰਸਥਾ ਮੁਖੀ ਉਹ ਦਵਾਈ ਖ਼ਰੀਦ ਕੇ ਮਰੀਜ਼ ਨੂੰ ਦੇਵੇ, ਜਿਸ ਲਈ ਸਰਕਾਰ ਵਲੋਂ ਬਾਕਾਇਦਾ ਫ਼ੰਡ ਜਾਰੀ ਕੀਤਾ ਗਿਆ ਹੈ। ਜ਼ਿਲ੍ਹੇ ਵਿਚ ‘ਆਮ ਆਦਮੀ ਕਲੀਨਿਕਾਂ’ ਵਿਚ ਮਰੀਜ਼ਾਂ ਦੀ ਆਮਦ ਅਤੇ ਮਿਲਣ ਵਾਲੀਆਂ ਸਿਹਤ ਸਹੂਲਤਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਸਿਵਲ ਸਰਜਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਕੇਂਦਰਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਪ੍ਰਤੀ ਲੋਕ ਕਾਫ਼ੀ ਉਤਸ਼ਾਹਤ ਹਨ ਅਤੇ ਵੱਧ ਤੋਂ ਵੱਧ ਗਿਣਤੀ ਵਿਚ ਜਾਂਚ ਅਤੇ ਇਲਾਜ ਲਈ ਆ ਰਹੇ ਹਨ। ਉਨ੍ਹਾਂ ਮੁੜ ਹਦਾਇਤ ਕੀਤੀ ਕਿ ਹਸਪਤਾਲਾਂ ਵਿਚ 24 ਘੰਟੇ ਲਈ ਬਿਜਲੀ ਦੀ ਬੇਰੋਕ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਕਿਸੇ ਹੰਗਾਮੀ ਸਥਿਤੀ ਨਾਲ ਸਿੱਝਣ ਵਾਸਤੇ ਪੂਰਾ ਪਾਵਰ ਬੈਕਅੱਪ ਵੀ ਜ਼ਰੂਰੀ ਹੈ।
ਡਾ. ਸੰਗੀਤਾ ਜੈਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਾਂਚ ਅਤੇ ਇਲਾਜ ਪੱਖੋਂ ਲੋਕਾਂ ਨੂੰ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਜਿਥੇ ਕਿਤੇ ਕਿਸੇ ਤਰ੍ਹਾਂ ਦੀ ਕੋਈ ਕਮੀ-ਪੇਸ਼ੀ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚੀਆਂ ਸਿਹਤ ਸੰਸਥਾਵਾਂ ਖ਼ਾਸਕਰ ਪਖ਼ਾਨੇ ਆਦਿ ਬਿਲਕੁਲ ਸਾਫ਼-ਸੁਥਰੇ ਹੋਣੇ ਚਾਹੀਦੇ ਹਨ ਤਾਕਿ ਮਰੀਜ਼ਾਂ ਨੂੰ ਸਿਹਤ ਸੰਸਥਾ ਅੰਦਰ ਸਾਫ਼-ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ