ਬਲਾਚੌਰ, 16 ਅਕਤੂਬਰ਼ (ਹਿੰ. ਸ.)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਨੇੜਲੇ ਪਿੰਡ ਕਰਾਵਰ ਵਿਖੇ ਲਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਮੌਕੇ ਵਿਧਾਇਕ ਸੰਤੋਸ਼ ਕਟਾਰੀਆ ਨੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਅਤੇ ਸਾਂਭ ਨੂੰ ਯਕੀਨੀ ਬਣਾਕੇ ਖੇਤੀ ਕਰਨਾ ਅਜੋਕੇ ਸਮੇਂ ਦੀ ਮੁੱਖ ਮੰਗ ਹੈ।ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਦੀ ਵਿਭਾਗ ਤੱਕ ਸੁਖਾਲੀ ਪਹੁੰਚ ਬੇਹੱਦ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਨਾਲ ਦੀ ਨਾਲ ਲੋੜੀਂਦੀਆਂ ਜਾਣਕਾਰੀਆਂ ਹਾਸਲ ਹੋ ਸਕਣ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੇ ਬੀਜ,ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ॥ ਉਨ੍ਹਾਂ ਕਿਹਾ ਕਿ ਸਰਕਾਰ ਦੀ ਸਕੀਮ ‘ਪਾਣੀ ਬਚਾਓ ਪੈਸਾ ਬਚਾਓ’ ਤਹਿਤ ਵੱਧ ਤੋਂ ਵੱਧ ਕਿਸਾਨ ਧਰਤੀ ਹੇਠਲਾ ਪਾਣੀ ਬਚਾਉਣ ਨਾਲ ਚੰਗਾ ਮੁਨਾਫਾ ਵੀ ਕਮਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾੜ੍ਹੀ ਸੀਜ਼ਨ ਦੀਆਂ ਫਸਲਾਂ ਲਈ ਮਿਆਰੀ ਬੀਜਾਂ ਦੀਆ ਵੱਖ-ਵੱਖ ਕਿਸਮਾਂ ਦਾ ਕਿਸਾਨਾਂ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ/ਖਾਦਾਂ/ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬਿਲ ਚੈਕਿੰਗ ਮੁਹਿੰਮ ਵੀ ਚਲਾਈ ਜਾਵੇਗੀ।ਉਨ੍ਹਾਂ ਵਲੋਂ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਮਹਿਕਮਿਆਂ ਅਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਾਈਆਂ ਪ੍ਰਦਰਸ਼ਨੀਆਂ ਵੀ ਦੇਖੀਆਂ ਗਈਆਂ ।ਐੱਸ.ਡੀ.ਐੱਮ. ਕ੍ਰਿਤਿਕਾ ਗੋਇਲ ਨੇ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ ਅਤੇ ਕਿਸਾਨ ਮੇਲੇ ਵਿੱਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦੇਖਦਿਆਂ ਕਿਸਾਨਾਂ ਅਤੇ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ.ਰਾਕੇਸ਼ ਕੁਮਾਰ ਸ਼ਰਮਾ ਨੇ ਜ਼ਿਲੇ ਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਾੜੀ ਸੀਜਨ 2025-26 ਦੌਰਾਨ ਝੋਨੇ ਹੇਠ 62000 ਹੈਕ., ਮੱਕੀ ਹੇਠ 85,00 ਹੈਕ., ਗੰਨੇ ਹੇਠ 6000 ਹੈਕ., ਦਾਲਾਂ ਹੇਠ 220 ਹੈਕ. ਰਕਬਾ ਲਿਆਂਦਾ ਜਾਵੇਗਾ।ਇਸ ਤੋਂ ਮੱਕੀ ਦੀ ਪੈਦਾਵਾਰ 41.2 ਮੀ.ਟਨ, ਝੋਨੇ ਦੀ 427 ਮੀ.ਟਨ, ਗੰਨੇ ਦੀ 514 ਮੀ.ਟਨ ਅਤੇ ਦਾਲਾਂ ਦੀ 0.2 ਮੀ.ਟਨ. ਪੈਦਾਵਾਰ ਹੋਣ ਦੀ ਆਸ ਹੈ। ਉਨ੍ਹਾ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸੀ.ਆਰ.ਐਮ ਸਕੀਮ ਅਧੀਨ ਸਾਲ 2025-26 ਦੌਰਾਨ ਵੱਖ-ਵੱਖ ਮਸ਼ੀਨਰੀ ਉਪਦਾਨ ਤੇ ਦੇਣ ਲਈ ਆਨ ਲਾਈਨ ਪੋਰਟਲ ਤੇ ਬਿਨੈ ਪੱਤਰਾਂ ਦੀ ਮੰਗ ਅਤੇ ਵਿਭਾਗ ਵੱਲੋਂ ਪ੍ਰਾਪਤ ਟੀਚੇ ਅਨੁਸਾਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਅਨੁਸਾਰ ਲਾਭਪਾਤਰੀਆਂ ਨੂੰ ਮਨਜ਼ੂਰੀ ਜਾਰੀ ਕੀਤੀ ਜਾ ਚੁੱਕੀ ਹੈ।ਇਸ ਸਕੀਮ ਅਧੀਨ ਵੱਖ-ਵੱਖ ਬਿਨੈਕਾਰਾਂ ਜਿਵੇਂ ਕਿ ਵਿਅਕਤੀਗਤ ਕਿਸਾਨਾਂ, ਰਜਿਸਟਰਡ ਕਿਸਾਨ ਸਮੂਹਾਂ, ਗ੍ਰਾਮ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓਜ਼) ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਵਾਲੀਆਂ 2716 ਮਸ਼ੀਨਾਂ ਤੇ ਸਬਸਿਡੀ ਮੁਹੱਈਆ ਕਰਵਾਈ ਗਈਆਂ ਹਨ, ਇਨ੍ਹਾਂ ਮਸ਼ੀਨਾਂ ਵਿੱਚ 136 ਬੇਲਰ, 131 ਸਟਰਾਅ ਰੇਕ, 48 ਕਰਾਪ ਰੀਪਰ, 230 ਸੂਪਰ ਐਸ.ਐਮ.ਐਸ, 66 ਹੈਪੀ ਸੀਡਰ, 1166 ਸੁਪਰ ਸੀਡਰ, 02 ਸਮਾਰਟ ਸੀਡਰ, 147 ਮਲਚਰ/ ਪੈਡੀ ਸਟਰਾਅ ਚੌਪਰ, 73 ਐੱਚ ਆਰ ਐੱਮ ਬੀ ਪਲਾਓ, 85 ਸਰਫੇਸ ਸੀਡਰ, 176 ਜ਼ੀਰੋ ਟਿੱਲ ਡਰਿੱਲ, 428 ਰੋਟਾਵੇਟਰ, 28 ਟ੍ਰੈਕਟਰ ਅਤੇ ਟਰਾਲੀ ਸ਼ਾਮਲ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਿਸਾਨ ਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਆਪਣੀ ਬਿਜਾਈ ਕਰਨ ਤੋਂ ਪਹਿਲਾਂ ਜ਼ਿਲ੍ਹੇ ਦੇ ਖੇਤੀ ਮਾਹਿਰਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਫਸਲਾਂ ਤੋਂ ਵੱਧ ਤੋਂ ਵੱਧ ਮੁਨਾਫਾ ਲਿਆ ਜਾ ਸਕੇ। ਇੰਜ. ਚੰਦਨ ਸ਼ਰਮਾ ਨੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਧਰਤੀ ਦੀ ਉਪਰਲੀ ਪਰਤ ਵਿਚ ਮੌਜੂਦ ਕਿਰਸਾਨੀ ਦੇ ਮਿੱਤਰ ਕੀੜੇ ਖੇਤਾਂ ਦੀ ਅੱਗ ਵਿਚ ਨਸ਼ਟ ਹੋ ਜਾਂਦੇ ਹਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਵਿਚ ਮੌਜੂਦ ਤੱਤ ਜਿਵੇਂ ਕਿ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫਰ ਅਤੇ ਜੈਵਿਕ ਮਾਦਾ ਨਸ਼ਟ ਹੋ ਜਾਂਦੇ ਹਨ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਇਸ ਮੇਲੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਦੀ ਟੀਮ ਤੋਂ ਇਲਾਵਾ ਡਾ.ਰਜੇਸ਼ ਕੁਮਾਰ ਬਾਗਬਾਨੀ ਵਿਭਾਗ, ਸਰਬਜੀਤ ਸਿੰਘ ਨਿੱਜ਼ਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਮਹਿਰਾਂ ਵਲੋਂ ਆਪਣੇ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ