ਖਰੜ, 17 ਅਕਤੂਬਰ (ਹਿੰ. ਸ.)। ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਸਹਿਯੋਗ ਨਾਲ ਸੈਂਟਰਲ ਟੂਲ ਰੂਮ ਲੁਧਿਆਣਾ ਦੇ ਵਿਸ਼ਾ ਮਾਹਿਰਾਂ ਵੱਲੋਂ ਮਾਇਕ੍ਰੋ ਸਮਾਲ ਅਤੇ ਮੀਡੀਅਮ ਇੰਟਰਪਰਾਈਸਜ਼ ਵਿੱਚ ਤਕਨਾਲੋਜੀ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਲਈ ਨਵੀਆਂ ਸੰਭਾਵਨਾਵਾਂ ਵਿਸੇ ਉਪਰ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਕਾਲਜ ਦੀ ਪ੍ਰਿੰਸੀਪਲ ਰਕਸ਼ਾ ਕਿਰਨ ਦੀ ਅਗਵਾਈ ਹੇਠ ਹੋਈ ਇਸ ਵਰਕਸ਼ਾਪ ਦੌਰਾਨ ਸਿਵਲ ਇੰਜੀਨੀਅਰਿੰਗ, ਮਕੈਨੀਕਲ ਅਤੇ ਇਲੈਕਟ੍ਰਿਕਲ ਦੇ 142 ਵਿਦਿਆਰਥੀਆਂ ਨੇ ਹਿੱਸਾ ਲਿਆ। ਕਾਲਜ ਦੇ ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਤਕਨੀਕੀ ਗਿਆਨ ਪ੍ਰਾਪਤ ਵਿਦਿਆਰਥੀਆਂ ਨੂੰ ਸਰਕਾਰ ਦੇ ਸਟਾਰਟ-ਅੱਪ ਪ੍ਰੋਗਰਾਮ ਰਾਹੀਂ ਸਵੈ-ਰੁਜ਼ਗਾਰ ਦੇ ਮੌਕੇ ਤਲਾਸ਼ਣ ਲਈ ਪ੍ਰੇਰਿਤ ਕੀਤਾ ਗਿਆ। ਸੈਂਟਰਲ ਟੂਲ ਰੂਮ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਜਗਦੀਪ ਸਿੰਘ ਵੱਲੋਂ ਮੈਕਾਟ੍ਰੋਨਿਕਸ, ਸੀ ਐਨ ਸੀ ਮਸ਼ੀਨਾਂ ਲਘੂ ਉਦਯੋਗਿਕ ਇਕਾਈਆਂ ਉਪਰ ਵਿਸ਼ਥਾਰ ਨਾਲ ਚਰਚਾ ਕੀਤੀ ਗਈ। ਪ੍ਰੋ. ਸੁਖਵੰਤ ਸਿੰਘ ਵੱਲੋਂ ਰਿਮੋਟ ਸੈਂਸਿੰਗ, ਸਰਵੇਇੰਗ, ਇਲੈਕਟ੍ਰਿਕਲ ਵਹੀਕਲਜ ਦੇ ਖੇਤਰ ਵਿੱਚ ਸਵੈ ਰੋਜ਼ਗਾਰ ਦੇ ਮਾਧਿਅਮ ਅਤੇ ਉਹਨਾਂ ਦੀ ਪੂਰਤੀ ਲਈ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਸਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਕੈਰੀਅਰ ਗਾਇਡਿੰਗ ਕੌਂਸਲਰ ਨਬੀਹਾ, ਜਗਮੋਹਨ ਸਿੰਘ ਅਤੇ ਟਹਿਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਕਾਲਜ ਦੇ ਸਹਾਇਕ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਪ੍ਰੋ. ਪੂਨਮ ਸੈਣੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ