ਸੰਗਰੂਰ, 17 ਅਕਤੂਬਰ (ਹਿੰ. ਸ.)। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਸਤੰਬਰ 2025 ਤੋਂ ਅਕਤੂਬਰ 2025 ਤੱਕ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਗਿਆ ਹੈ। ਇਸ ਦੌਰਾਨ ਵਿਭਾਗ ਨੇ “ਸਵਸਥ ਨਾਰੀ, ਸਸ਼ਕਤ ਪਰਿਵਾਰ” ਦੀ ਥੀਮ ‘ਤੇ ਜ਼ੋਰ ਦਿੱਤਾ, ਜਿਸਦਾ ਮਕਸਦ ਮਹਿਲਾਵਾਂ ਨੂੰ ਸਹੀ ਪੋਸ਼ਣ ਅਤੇ ਸਿਹਤ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣਾ ਅਤੇ ਪਰਿਵਾਰਕ ਸਹਿਯੋਗ ਵਧਾਉਣਾ ਹੈ। ਵਿਭਾਗ ਵੱਲੋਂ ਹਰ ਸਾਲ ਸਤੰਬਰ ਮਹੀਨੇ ਨੂੰ ਰਾਸ਼ਟਰੀ ਪੋਸ਼ਣ ਮਾਹ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ 8ਵਾਂ ਰਾਸ਼ਟਰੀ ਪੋਸ਼ਣ ਮਾਹ 17 ਸਤੰਬਰ ਤੋਂ 16 ਅਕਤੂਬਰ 2025 ਤੱਕ ਮਿਸ਼ਨ ਸਸ਼ਕਤ ਆਂਗਣਵਾੜੀ ਅਤੇ ਪੋਸ਼ਣ 2.0 ਦੇ ਤਹਿਤ ਦੇਸ਼ ਭਰ ਵਿੱਚ ਮਨਾਇਆ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰੀਆਂ ਵਿੱਚ ਪੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਕੂਪੋਸ਼ਣ ਦੇ ਖ਼ਿਲਾਫ਼ ਜਨ ਅੰਦੋਲਨ ਚਲਾਉਣਾ ਹੈ। ਇਸ ਵਾਰ ਦੇ ਪੋਸ਼ਣ ਮਾਹ 2025 ਦੀਆਂ ਮੁੱਖ ਥੀਮ ਵਿੱਚ ਮੋਟਾਪਾ ਘਟਾਉਣਾ, ਸ਼ੁਰੂਆਤੀ ਬਚਪਨ ਦੀ ਸੰਭਾਲ ਅਤੇ ਸਿੱਖਿਆ, ਇੱਕ ਪੇੜ ਮਾਂ ਦੇ ਨਾਮ, ਸ਼ਿਸ਼ੂ ਅਤੇ ਨੌਜਵਾਨ ਬੱਚਿਆਂ ਦੀ ਖੁਰਾਕ, ਪੁਰਸ਼ਾਂ ਨੂੰ ਪੋਸ਼ਣ ਜਾਗਰੂਕਤਾ ਅਤੇ ਸੇਵਾ ਵਿੱਚ ਸ਼ਾਮਲ ਕਰਨਾ ਸ਼ਾਮਿਲ ਸੀ।ਇਸ ਮੌਕੇ ਪੋਸ਼ਣ ਅਭਿਆਨ ਤਹਿਤ ਵਿਭਿੰਨ ਗਤੀਵਿਧੀਆਂ ਜਿਵੇਂ ਕਿ ਸਿਰਫ਼ ਮਾਂ ਦੇ ਦੁੱਧ ਨਾਲ ਪਾਲਣ ਬਾਰੇ ਜਾਗਰੂਕਤਾ, ਸਹਾਇਕ ਖੁਰਾਕ ਬਾਰੇ ਸਿਖਲਾਈ, ਸਿਹਤ ਮੁਕਾਬਲੇ, ਆਂਗਣਵਾੜੀ ਪੱਧਰ ’ਤੇ ਜਾਗਰੂਕਤਾ ਰੈਲੀਆਂ, ਪੋਸ਼ਣ ਪ੍ਰਦਰਸ਼ਨੀਆਂ ਅਤੇ ਘਰੇਲੂ ਦੌਰੇ ਆਦਿ ਕਰਵਾਏ ਗਏ। ਬਾਲ ਰੱਖਸ਼ਾ ਭਾਰਤ (ਸੇਵ ਦ ਚਿਲਡਰਨ ਇੰਡੀਆ) ਵੱਲੋਂ ਸਰਕਾਰ ਨਾਲ ਮਿਲ ਕੇ ਪੋਸ਼ਣ ਮਾਹ ਦੌਰਾਨ ਕਈ ਵਿਸ਼ੇਸ਼ ਪ੍ਰੋਗਰਾਮ ਚਲਾਏ ਗਏ। ਇਸ ਵਿੱਚ ਅਨੀਮੀਆ ਨੂੰ ਘਟਾਉਣ, ਗ੍ਰੋਥ ਮਾਨੀਟਰਿੰਗ, ਮਾਤਾ ਤੇ ਬੱਚੇ ਦੀ ਸਿਹਤ, ਅਤੇ ਪੋਸ਼ਣ ਸੇਵਾਵਾਂ ਦੀ ਮਜ਼ਬੂਤੀ ’ਤੇ ਖ਼ਾਸ ਧਿਆਨ ਦਿੱਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਰਤਿੰਦਰ ਪਾਲ ਕੌਰ ਧਾਰੀਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਦੇ ਸਾਰੇ ਬਲਾਕਾਂ ਵਿੱਚ ਪੋਸ਼ਣ ਮਾਹ 2025 ਬੜੇ ਉਤਸ਼ਾਹ ਅਤੇ ਸਮਰਪਣ ਨਾਲ ਮਨਾਇਆ ਗਿਆ। ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ ਰਾਹੀਂ ਹਰ ਪੱਧਰ ’ਤੇ ਪੋਸ਼ਣ ਬਾਰੇ ਜਾਗਰੂਕਤਾ ਫੈਲਾਈ ਗਈ ਅਤੇ ਬੱਚਿਆਂ ਤੇ ਮਹਿਲਾਵਾਂ ਦੀ ਸਿਹਤ ਸੁਧਾਰ ਵੱਲ ਮਹੱਤਵਪੂਰਨ ਕਦਮ ਚੁੱਕੇ ਗਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ