ਲੁਧਿਆਣਾ, 17 ਅਕਤੂਬਰ (ਹਿੰ. ਸ.)। ਨਵੀਆਂ ਸੜਕਾਂ ਦਾ ਨਿਰਮਾਣ, ਪਾਣੀ, ਸੀਵਰੇਜ, ਸਿਹਤ ਸਹੂਲਤਾਂ ਅਤੇ ਹਰ ਪ੍ਰਕਾਰ ਦੀਆਂ ਇਲਾਕਾ ਨਿਵਾਸੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਆਤਮ ਨਗਰ ਸ਼ਹਿਰ ਦਾ ਮੋਹਰੀ ਹਲਕਾ ਬਣਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਹਲਕਾ ਆਤਮ ਨਗਰ ਤੋ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਐਮ.ਜੀ.ਐਮ. ਸਕੂਲ ਅਤੇ ਪੁਰਾਣੀ ਦੁੱਗਰੀ ਪੁਲਿਸ ਚੌਂਕੀ ਲਿੰਕ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰਬਰ 50 ਤੋਂ ਕੌਂਸਲਰ ਯੁਵਰਾਜ ਸਿੰਘ ਸਿੱਧੂ ਵੀ ਮੌਜੂਦ ਸਨ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 99.68 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਲਕੇ ਦੀ ਕੋਈ ਵੀ ਸੜਕ ਹੁਣ ਬਣੇ ਬਿਨਾ ਨਹੀਂ ਰਹਿ ਸਕਦੀ ਅਤੇ ਸਾਰੀਆਂ ਸੜਕਾਂ ਸ਼ਾਨਦਾਰ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਸੜਕਾਂ ਤੋਂ ਇਲਾਵਾ ਲੋਕਾਂ ਦੀ ਬੁਨਿਆਦੀ ਸਹੂਲਤ ਪੀਣ ਵਾਲਾ ਪਾਣੀ ਦਾ ਨਹਿਰੀ ਪ੍ਰੋਜੈਕਟ ਵੀ ਵੱਡੇ ਪੱਧਰ 'ਤੇ ਅੱਗੇ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ।
ਇਸ ਤੋਂ ਇਲਾਵਾ ਪਾਰਕਾਂ ਦਾ ਸੁੰਦਰੀਕਰਨ, ਨਵੀਨੀਕਰਨ ਅਤੇ ਓਪਨ ਜਿੰਮ ਵੀ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਲੋਕ ਆਪਣੇ ਰੁਝੇਵਿਆ ਵਿੱਚੋਂ ਸਮਾਂ ਕੱਢਕੇ ਆਰਾਮ ਅਤੇ ਕਸਰਤ ਕਰ ਸਕਣਗੇ। ਹਰੇਕ ਇਲਾਕੇ ਵਿੱਚ ਮੁਹੱਲਾ ਕਲੀਨਿਕ ਅਤੇ ਲਾਈਬ੍ਰੇਰੀਆਂ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ ਤਾਂ ਜੋ ਇਲਾਕਾ ਨਿਵਾਸੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹਿ ਸਕਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ