ਰਿਸ਼ਵਤਖੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਡੀਆਈਜੀ ਐਚਐਸ ਭੁੱਲਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ
ਚੰਡੀਗੜ੍ਹ, 17 ਅਕਤੂਬਰ (ਹਿੰ.ਸ.)। ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਵਿਚੋਲੇ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤ
ਪੇਸ਼ੀ ਲਈ ਪਹੁੰਚੇ ਹਰਚਰਨ ਸਿੰਘ ਭੁੱਲਰ


ਚੰਡੀਗੜ੍ਹ, 17 ਅਕਤੂਬਰ (ਹਿੰ.ਸ.)। ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਵਿਚੋਲੇ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਸੀਬੀਆਈ ਵੱਲੋਂ ਭੁੱਲਰ ਦੇ ਘਰ ਤੋਂ 7 ਕਰੋੜ ਰੁਪਏ ਦੀ ਨਕਦੀ ਅਤੇ ਕਰੋੜਾਂ ਦੇ ਗਹਿਣੇ ਜ਼ਬਤ ਕਰਨ ਦੇ ਬਾਵਜੂਦ, ਉਨ੍ਹਾਂ ਦਾ ਰਿਮਾਂਡ ਨਹੀਂ ਮੰਗਿਆ ਗਿਆ। ਸੀਬੀਆਈ ਨੇ ਵੀਰਵਾਰ ਦੁਪਹਿਰ ਨੂੰ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ। ਭੁੱਲਰ ਦੇ ਘਰ ਦੀ ਤਲਾਸ਼ੀ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਜਾਰੀ ਰਹੀ।

ਇਸ ਤੋਂ ਬਾਅਦ ਸੀਬੀਆਈ ਨੇ ਸੈਕਟਰ 16 ਦੇ ਹਸਪਤਾਲ ਵਿੱਚ ਮੈਡੀਕਲ ਜਾਂਚ ਤੋਂ ਬਾਅਦ ਭੁੱਲਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਦੋਂ ਭੁੱਲਰ ਪਹੁੰਚੇ ਤਾਂ ਉਨ੍ਹਾਂ ਦਾ ਚਿਹਰਾ ਰੁਮਾਲ ਨਾਲ ਢੱਕਿਆ ਹੋਇਆ ਸੀ। ਇਸ ’ਤੇ ਜੱਜ ਨੇ ਉਨ੍ਹਾਂ ਨੂੰ ਰੁਮਾਲ ਹਟਾਉਣ ਲਈ ਕਿਹਾ। ਪੇਸ਼ੀ ਤੋਂ ਬਾਅਦ ਮੀਡੀਆ ਵੱਲੋਂ ਪੁੱਛੇ ਜਾਣ 'ਤੇ, ਭੁੱਲਰ ਨੇ ਸਿਰਫ਼ ਇਹ ਕਿਹਾ, ਅਦਾਲਤ ਇਨਸਾਫ਼ ਕਰੇਗੀ, ਹਰ ਚੀਜ਼ ਦਾ ਜਵਾਬ ਦੇਣਗੇ।

ਇਸ ਦੌਰਾਨ, ਭੁੱਲਰ ਦੇ ਵਕੀਲ, ਐਚ.ਐਸ. ਧਨੋਆ ਨੇ ਕਿਹਾ ਕਿ ਭੁੱਲਰ ਨੂੰ ਸਵੇਰੇ 11:30 ਵਜੇ ਦੇ ਕਰੀਬ ਹਿਰਾਸਤ ਵਿੱਚ ਲੈ ਲਿਆ ਗਿਆ, ਪਰ ਗ੍ਰਿਫ਼ਤਾਰੀ ਰਾਤ 8 ਵਜੇ ਪਾਈ ਗਈ। ਉੱਥੇ ਹੀ ਵਕੀਲ ਏਐਸ ਸੁਖੂਜਾ ਨੇ ਕਿਹਾ ਕਿ ਅਦਾਲਤ ਅੰਦਰ ਭੁੱਲਰ ਦੀ ਮੈਡੀਸਨ ਬਾਰੇ ਦੱਸਿਆ ਗਿਆ ਸੀ। ਅਦਾਲਤ ਨੂੰ ਕਿਹਾ ਕਿ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਮੈਡੀਸਨ ਦਿੱਤੀ ਜਾਵੇ। ਇਸ ਤੋਂ ਬਾਅਦ ਕੋਰਟ ਨੇ ਮੈਡੀਸਨ ਦੇਣ ਲਈ ਕਿਹਾ।

ਆਈਪੀਐਸ ਅਧਿਕਾਰੀ ਭੁੱਲਰ ਦੇ ਮਾਮਲੇ ਬਾਰੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜੇਕਰ ਇਸ ਪੱਧਰ 'ਤੇ ਵੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਤਾਂ ਇਹ ਬਹੁਤ ਚਿੰਤਾਜਨਕ ਹੈ। ਅਸੀਂ ਇਹ ਕਿਉਂ ਨਹੀਂ ਦੇਖ ਰਹੇ? ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਸੱਤ ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਇਹ ਰਕਮ ਇੱਕ ਦਿਨ ਵਿੱਚ ਇਕੱਠੀ ਨਹੀਂ ਹੋਈ ਹੋਵੇਗੀ। ਇੰਨੇ ਉੱਚ ਦਰਜੇ ਦੇ ਪੁਲਿਸ ਅਧਿਕਾਰੀ ਅਤੇ ਇੰਨਾ ਵੱਡਾ ਵਿਭਾਗ ਦੇ ਬਾਵਜੂਦ, ਬਾਹਰੀ ਏਜੰਸੀ ਨੂੰ ਆ ਕੇ ਕਾਰਵਾਈ ਕਰਨੀ ਪਈ।

ਹਰਚਰਨ ਸਿੰਘ ਭੁੱਲਰ ਵਿਰੁੱਧ ਰਿਸ਼ਵਤ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਸਕ੍ਰੈਪ ਡੀਲਰ ਨੂੰ ਸੁਰੱਖਿਆ ਮਿਲੇਗੀ। ਸਕ੍ਰੈਪ ਡੀਲਰ ਆਕਾਸ਼ ਬੱਤਾ ਨੇ ਸੁਰੱਖਿਆ ਸਬੰਧੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ। ਇਸ ਪਟੀਸ਼ਨ ਦੀ ਸੁਣਵਾਈ ਸ਼ੁੱਕਰਵਾਰ ਨੂੰ ਹਾਈ ਕੋਰਟ ਵਿੱਚ ਹੋਈ। ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਸੀਬੀਆਈ ਨੂੰ ਆਕਾਸ਼ ਬੱਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande