ਮੋਹਾਲੀ, ਖਰੜ ਅਤੇ ਜੀਰਕਪੁਰ ਵਿੱਚ ਵਧ ਰਹੀ ਟਰੈਫਿਕ ਸਮੱਸਿਆ: ਕੁਲਜੀਤ ਬੇਦੀ
ਮੋਹਾਲੀ, 17 ਅਕਤੂਬਰ (ਹਿੰ. ਸ.)। ਮੋਹਾਲੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਟ੍ਰਾਈਸਿਟੀ ਖੇਤਰ — ਮੋਹਾਲੀ, ਖਰੜ ਅਤੇ ਜੀਰਕਪੁਰ — ਵਿੱਚ ਲਗਾਤਾਰ ਵੱਧ ਰਹੀ ਟਰੈਫਿਕ ਸਮੱਸਿਆ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਸ ਸਬੰਧ ‘ਚ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਟਰੈਫਿਕ ਨੂੰ ਚਿੱਠੀ ਲਿਖ ਕੇ ਮੋਹਾ
,


ਮੋਹਾਲੀ, 17 ਅਕਤੂਬਰ (ਹਿੰ. ਸ.)। ਮੋਹਾਲੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਟ੍ਰਾਈਸਿਟੀ ਖੇਤਰ — ਮੋਹਾਲੀ, ਖਰੜ ਅਤੇ ਜੀਰਕਪੁਰ — ਵਿੱਚ ਲਗਾਤਾਰ ਵੱਧ ਰਹੀ ਟਰੈਫਿਕ ਸਮੱਸਿਆ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਸ ਸਬੰਧ ‘ਚ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਟਰੈਫਿਕ ਨੂੰ ਚਿੱਠੀ ਲਿਖ ਕੇ ਮੋਹਾਲੀ ਖੇਤਰ ਲਈ ਘੱਟੋ-ਘੱਟ 500 ਵਾਧੂ ਟਰੈਫਿਕ ਪੁਲਿਸ ਜਵਾਨਾਂ ਦੀ ਤੁਰੰਤ ਤਾਇਨਾਤੀ ਦੀ ਮੰਗ ਕੀਤੀ ਹੈ।

ਬੇਦੀ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਹਨਾਂ ਦੀ ਗਿਣਤੀ ਵਿੱਚ ਬੇਹੱਦ ਵਾਧਾ ਹੋ ਰਿਹਾ ਹੈ ਜਿਸ ਨਾਲ ਮੋਹਾਲੀ ਦੀਆਂ ਮੁੱਖ ਸੜਕਾਂ, ਖਰੜ–ਡੇਰਾਬਸੀ ਰੋਡ, ਏਅਰਪੋਰਟ ਰੋਡ, ਸੈਕਟਰ 76–80, ਫੇਜ਼ 7 ਤੋਂ 11, ਅਤੇ ਜੀਰਕਪੁਰ ਦੇ ਚੰਡੀਗੜ੍ਹ–ਅੰਬਾਲਾ ਹਾਈਵੇ ਤੇ ਪਟਿਆਲਾ ਰੋਡ ‘ਤੇ ਲੰਬੇ ਜਾਮਾਂ ਦੀ ਸਥਿਤੀ ਬਣ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਜਾਮ ਸਿਰਫ ਆਮ ਯਾਤਰੀਆਂ ਲਈ ਨਹੀਂ ਸਗੋਂ ਐਮਰਜੈਂਸੀ ਵਾਹਨਾਂ, ਬਜ਼ੁਰਗਾਂ, ਮਹਿਲਾਵਾਂ, ਨੌਕਰੀਪੇਸ਼ਾ ਲੋਕਾਂ ਅਤੇ ਵਿਦਿਆਰਥੀਆਂ ਲਈ ਵੀ ਵੱਡੀ ਸਮੱਸਿਆ ਬਣੇ ਹੋਏ ਹਨ।

ਬੇਦੀ ਨੇ ਚਿੰਤਾ ਜਤਾਈ ਕਿ ਮੋਹਾਲੀ ਵਿੱਚ ਮੌਜੂਦਾ ਟਰੈਫਿਕ ਪੁਲਿਸ ਦੀ ਗਿਣਤੀ ਇਸ ਵੇਲੇ ਬਹੁਤ ਘੱਟ ਹੈ ਅਤੇ ਮੌਜੂਦਾ ਸਟਾਫ ਨਾਲ ਇੰਨੀ ਵੱਡੀ ਟਰੈਫਿਕ ਦਾ ਸੰਚਾਲਨ ਕਰਨਾ ਮੁਸ਼ਕਲ ਹੋ ਚੁੱਕਾ ਹੈ। ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜੇ ਲੋੜ ਪਏ ਤਾਂ ਪੀ.ਏ.ਪੀ. ਜਲੰਧਰ ਜਾਂ ਕਿਸੇ ਹੋਰ ਪੈਰਾਮਿਲਟਰੀ ਯੂਨਿਟ ਤੋਂ ਜਵਾਨਾਂ ਨੂੰ ਅਸਥਾਈ ਤੌਰ ‘ਤੇ ਮੰਗਵਾ ਕੇ ਤਾਇਨਾਤ ਕੀਤਾ ਜਾਵੇ, ਤਾਂ ਜੋ ਆਵਾਜਾਈ ਪ੍ਰਣਾਲੀ ਸੁਚਾਰੂ ਰਹੇ ਅਤੇ ਜਨਤਕ ਪਰੇਸ਼ਾਨੀ ਘਟੇ।

ਉਨ੍ਹਾਂ ਨੇ ਕਿਹਾ ਕਿ ਜੇ ਇਹ ਕਦਮ ਤੁਰੰਤ ਲਿਆ ਗਿਆ ਤਾਂ ਇਹ ਨਾ ਸਿਰਫ ਮੋਹਾਲੀ ਲਈ ਸਗੋਂ ਪੂਰੇ ਟ੍ਰਾਈਸਿਟੀ ਖੇਤਰ ਲਈ ਰਾਹਤਕਾਰੀ ਸਾਬਤ ਹੋਵੇਗਾ ਕਿਉਂਕਿ ਮੋਹਾਲੀ, ਖਰੜ ਅਤੇ ਜੀਰਕਪੁਰ ਚੰਡੀਗੜ੍ਹ ਵਿੱਚ ਦਾਖਲਾ ਅਤੇ ਨਿਕਾਸ ਦੇ ਮੁੱਖ ਦਰਵਾਜ਼ੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande