ਹੁਸ਼ਿਆਰਪੁਰ, 17 ਅਕਤੂਬਰ (ਹਿੰ. ਸ.)। ਪਿਛਲੇ ਲੰਮੇ ਸਮੇਂ ਤੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਵਾਉਣ ਅਤੇ ਇਨ੍ਹਾਂ ਦੀ ਤਰੱਕੀ ਲਈ ਸੇਵਾਵਾਂ ਨਿਭਾ ਰਹੀ ਉੱਘੀ ਸਮਾਜਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰੱਸਟ ਵੱਲੋਂ ਹੁਸ਼ਿਆਰਪੁਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਪ੍ਰੀਤ ਨਗਰ, ਪਿੰਡ ਅੱਜੋਵਾਲ ਵਿਖੇ ਟਰੱਸਟ ਦੇ ਚੇਅਰਮੈਨ ਰਣਜੀਤ ਸਿੰਘ ਓ ਬੀ ਈ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਅੰਤਰਰਾਸ਼ਟਰੀ ਪੱਧਰ 'ਤੇ ਮਾਨਵਤਾ ਦੀ ਸੇਵਾ ਲਈ ਜਾਣੇ ਜਾਂਦੇ ਉੱਘੇ ਸਮਾਜਸੇਵੀ ਡਾ. ਐਸ. ਪੀ ਸਿੰਘ ਉਬਰਾਏ ਚੇਅਰਮੈਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਅਮਰਦੀਪ ਸਿੰਘ ਰਾਏ ਡੀ. ਜੀ. ਪੀ ਪੰਜਾਬ, ਰਿਟਾਇਰਡ ਜਰਨਲ ਭਾਰਤੀ ਸੈਨਾ, ਜੇ. ਜੇ ਸਿੰਘ ਅਤੇ ਹੋਰ ਉੱਘੀਆਂ ਸਮਾਜ ਸੇਵੀ ਸਖਸ਼ੀਅਤਾਂ ਵੱਲੋਂ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ ਗਈ।ਸਰਦਾਰ ਰਣਜੀਤ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਭਲਾਈ ਅਤੇ ਉਹ ਹਮੇਸ਼ਾਂ ਆਪਣੀ ਸੇਵਾਵਾਂ ਦਿੰਦੇ ਰਹਿਣਗੇ ਅਤੇ ਇਹੋ ਮੇਰੀ ਜ਼ਿੰਦਗੀ ਦਾ ਮਕਸਦ ਹੈ। ਟਰੱਸਟ ਦੇ ਇੰਡੀਆ ਦੇ ਚੇਅਰਮੈਨ ਜਸਜੀਤ ਸਿੰਘ ਆਹਲੂਵਾਲੀਆ ਅਤੇ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਵੱਲੋਂ ਟਰੱਸਟ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆ ਤੋਂ ਕੋਹਾਂ ਦੂਰ ਗ਼ਰੀਬੀ ਰੇਖਾ ਤੋਂ ਹੇਠਾਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਵਾਉਣ ਲਈ ਸਕੂਲ ਦੇ ਸਟਾਫ ਅਤੇ ਟਰੱਸਟ ਦੇ ਮੈਂਬਰਾਂ ਦੀ ਸਖ਼ਤ ਮਿਹਨਤ ਸਦਕਾ ਇਥੋਂ ਦੇ ਰਹਿਣ ਵਾਲੇ ਬੱਚਿਆਂ ਵਿੱਚ ਵਿੱਦਿਆ ਪ੍ਰਾਪਤ ਕਰਨ ਲਈ ਉਤਸ਼ਾਹ ਵੱਧ ਰਿਹਾ ਹੈ ਅਤੇ ਅਨੇਕਾਂ ਵਿਦਿਆਰਥੀਆਂ ਦਾ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਅਤੇ ਸਰਕਾਰੀ ਆਈ. ਟੀ. ਆਈ ਵਿੱਚ ਵੀ ਦਾਖ਼ਲਾ ਕਰਵਾਇਆ ਗਿਆ ਹੈ। ਵਿਧਾਇਕ ਬ੍ਰਹਮ ਸ਼ੰਕਰ ਚਿੰਪਾ ਨੇ ਇਸ ਮੌਕੇ ਕਿਹਾ ਕਿ ਸਿਹਤ ਅਤੇ ਸਿੱਖਿਆ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਪੰਜਾਬ ਸਰਕਾਰ ਦੀ ਤਰਜੀਹ ਹੈ ਅਤੇ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਜਾਰੀ ਹੈ। ਡਾ. ਐਸ ਪੀ ਸਿੰਘ ਉਬਰਾਏ ਨੇ ਕਿਹਾ ਕਿ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਵਿੱਦਿਆ ਨਾਲ਼ ਜੋੜਨਾ ਸਭ ਤੋਂ ਉੱਤਮ ਸੇਵਾ ਕਾਰਜ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਅਜਿਹੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਪਰਿਵਾਰਾਂ ਨੂੰ ਕਿੱਤਾ ਮੁਖੀ ਸਿੱਖਿਆ ਪ੍ਰਾਪਤ ਕਰਵਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ।ਜਨਰਲ ਜੇ. ਜੇ. ਸਿੰਘ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਖ਼ਤ ਮਿਹਨਤ ਨਾਲ ਉਹ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਨ ਅਤੇ ਦੇਸ਼ ਦੀ ਸੇਵਾ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਅਮਰਦੀਪ ਸਿੰਘ ਰਾਏ ਡੀ. ਜੀ. ਪੀ ਪੰਜਾਬ ਵੱਲੋਂ ਸਮਾਗਮ ਵਿੱਚ ਪਹੁੰਚੇ ਬੱਚਿਆਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਆਖਿਆ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਪ੍ਰਾਪਤ ਕਰਵਾਉਣ ਲਈ ਮਿਹਨਤ ਕਰਨ ਅਤੇ ਇਸ ਦੇ ਨਾਲ ਨਾਲ ਨੈਤਿਕਤਾ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਇੱਕ ਚੰਗੇ ਇਨਸਾਨ ਬਣਨ ਲਈ ਵੀ ਪ੍ਰੇਰਿਤ ਕਰਨ ਤਾਂ ਕਿ ਉਹ ਭਵਿੱਖ ਵਿਚ ਚੰਗੇ ਇਨਸਾਨ ਬਣਕੇ ਲੋਕਾਂ ਦੀ ਸੇਵਾ ਲਈ ਅੱਗੇ ਆ ਸਕਣ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਵਿਦਿਆਰਥੀਆਂ ਨੂੰ ਵਰਦੀਆਂ ਅਤੇ ਹੋਰ ਲੋੜੀਂਦਾ ਸਾਮਾਨ ਵੀ ਮਹੱਈਆ ਕਰਵਾਇਆ ਗਿਆ। ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ