ਹੁਸ਼ਿਆਰਪੁਰ, 18 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਪੱਧਰ 'ਤੇ ਮਾਲ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮਾਲ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਕੀਤੀ। ਮੀਟਿੰਗ ਵਿੱਚ ਵੱਖ-ਵੱਖ ਮਾਲੀਆ ਮਾਮਲਿਆਂ, ਸਕੀਮਾਂ ਅਤੇ ਲੰਬਿਤ ਕੰਮਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਕੰਮ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ਵਿੱਚ ਈਜੀ ਰਜਿਸਟਰੇਸ਼ਨ ਅਤੇ ਮੁਕੇਰੀਆਂ ਤਹਿਸੀਲ ਕੰਪਲੈਕਸ ਦੇ ਨਵੀਨੀਕਰਨ ਸਬੰਧੀ ਪ੍ਰਗਤੀ ‘ਤੇ ਚਰਚਾ ਹੋਈ। ਇਸ ਦੇ ਨਾਲ ਹੀ ਨਾਮ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਮੌਜੂਦਾ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਟੈਂਪ ਅਤੇ ਰਜਿਸਟ੍ਰੇਸ਼ਨ ਨਾਲ ਸਬੰਧਤ ਵਸੂਲੀਆਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ। ਉਨ੍ਹਾਂ ਨੇ ਲੰਬਿਤ ਪਏ ਜ਼ਮੀਨੀ ਮਾਲੀਏ ਦੇ ਬਕਾਏ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਜ਼ਮੀਨ ਪ੍ਰਾਪਤੀ ਦੇ ਚੱਲ ਰਹੇ ਮਾਮਲਿਆਂ ਦੀ ਸਥਿਤੀ ਰਿਪੋਰਟ, ਖਸਰਾ-ਵਾਈਜ਼ ਮੈਪਿੰਗ, ਮੁਸਾਵੀ-ਕੈਡਸਟ੍ਰਲ ਡਿਜੀਟਾਈਜ਼ੇਸ਼ਨ, ਜਮ੍ਹਾਂਬੰਦੀ, ਡਿਜੀਟਲ ਫਸਲ ਸਰਵੇਖਣ ਅਤੇ ਆਸਾਨ ਜਮ੍ਹਾਂਬੰਦੀ ਸੇਵਾਵਾਂ (ਆਨਲਾਈਨ ਸੇਵਾਵਾਂ, ਇੰਤਕਾਲ, ਰਿਪੋਰਟ, ਫਰਦ ਬਦਰ, ਬੈਂਕ ਲੌਗਇਨ ਆਈਡੀ ਬਣਾਉਣਾ ਆਦਿ) ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਐਸ.ਡੀ.ਐਮਜ਼ ਨੂੰ ਨਿਦੇਸ਼ ਦਿੱਤੇ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਫਸਲਾਂ ਦੇ ਨੁਕਸਾਨ ਵਾਲੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਮੁਆਵਜ਼ੇ ਦੀ ਰਕਮ ਜਮ੍ਹਾਂ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਲ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਆਮ ਲੋਕਾਂ ਲਈ ਆਸਾਨ ਅਤੇ ਪਾਰਦਰਸ਼ੀ ਢੰਗ ਨਾਲ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਜ਼ੀਹ ਹੈ ਕਿ ਆਸਾਨ ਰਜਿਸਟਰੀ ਅਤੇ ਆਸਾਨ ਜਮ੍ਹਾਂਬੰਦੀ ਵਰਗੀਆਂ ਆਨਲਾਈਨ ਸੇਵਾਵਾਂ ਦੇ ਵੱਧ ਤੋਂ ਵੱਧ ਲਾਭ ਜਨਤਾ ਤੱਕ ਪਹੁੰਚਣ। ਇਸ ਲਈ ਸਾਰੇ ਅਧਿਕਾਰੀਆਂ ਨੂੰ ਆਪਣੇ-ਆਪਣੇ ਪੱਧਰ 'ਤੇ ਜ਼ਿੰਮੇਵਾਰੀ ਨਾਲ ਕੰਮ ਕਰਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ