ਇਸਲਾਮਾਬਾਦ, 18 ਅਕਤੂਬਰ (ਹਿੰ.ਸ.)। ਕਤਰ ਸਰਕਾਰ ਦੀ ਵਿਚੋਲਗੀ ਵਿੱਚ ਸ਼ਾਂਤੀ ਵਾਰਤਾ ਲਈ ਦੋਵਾਂ ਧਿਰਾਂ ਦੇ ਪ੍ਰਤੀਨਿਧੀਆਂ ਦੇ ਜਲਦ ਹੀ ਦੋਹਾ ਵਿੱਚ ਮਿਲਣ ਦੀ ਉਮੀਦ ਟੁੱਟਣ ਦੇ ਕੰਢੇ ਪਹੁੰਚ ਗਈ ਹੈ। ਇਹ ਗੱਲਬਾਤ ਅੱਜ ਸ਼ੁਰੂ ਹੋਣ ਵਾਲੀ ਸੀ। ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਤਾਜ਼ਾ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਦੁਬਾਰਾ ਨਿਸ਼ਾਨਾ ਬਣਾਇਆ। ਅਫਗਾਨਿਸਤਾਨ ਵਿੱਚ ਇਹ ਹਮਲੇ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਵਿੱਚ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਥੋੜ੍ਹੀ ਦੇਰ ਬਾਅਦ ਹੋਏ ਹਨ। ਇਸਲਾਮਾਬਾਦ ਅਤੇ ਕਾਬੁਲ ਵੱਲੋਂ ਦੋ ਦਿਨਾਂ ਦੀ ਜੰਗਬੰਦੀ ਵਧਾਉਣ ਤੋਂ ਕੁਝ ਘੰਟਿਆਂ ਬਾਅਦ ਹੋਏ ਹਮਲੇ ਨੇ ਕਤਰ ਦੇ ਯਤਨਾਂ ਨੂੰ ਵੱਡਾ ਝਟਕਾ ਦਿੱਤਾ ਹੈ।
ਡਾਨ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨੀ ਸੁਰੱਖਿਆ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਅੰਗੂਰ ਅੱਡਾ ਖੇਤਰ ਅਤੇ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਉਰਗੁਨ ਅਤੇ ਬਰਮਲ ਜ਼ਿਲ੍ਹਿਆਂ ਵਿੱਚ ਪਾਬੰਦੀਸ਼ੁਦਾ ਹਾਫਿਜ਼ ਗੁਲ ਬਹਾਦੁਰ ਸਮੂਹ ਦੇ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਗਏ। ਹਮਲਿਆਂ ਵਿੱਚ ਕਥਿਤ ਰੂਪ ’ਚ ਦਰਜਨਾਂ ਲੜਾਕੂ ਮਾਰੇ ਗਏ।
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਸਾਡੀਆਂ ਫੌਜਾਂ ਜਵਾਬ ਦੇਣ ਲਈ ਤਿਆਰ ਹਨ। ਇਸ ਦੌਰਾਨ ਪਾਕਿਸਤਾਨੀ ਸੁਰੱਖਿਆ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਅਫਗਾਨ ਸਰਕਾਰ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਸਮਝੌਤੇ ਵਿੱਚ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਟਿਕਾਣਿਆਂ 'ਤੇ ਹਮਲਿਆਂ ਦਾ ਜ਼ਿਕਰ ਨਹੀਂ ਹੈ।ਪਾਕਿਸਤਾਨੀ ਫੌਜ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ, ਪਰ ਹਾਫਿਜ਼ ਗੁਲ ਬਹਾਦੁਰ ਸਮੂਹ ਨਾਲ ਜੁੜੇ ਅੱਤਵਾਦੀਆਂ ਨੇ ਮੀਰ ਅਲੀ ਦੇ ਖਾਦੀ ਕਿਲ੍ਹੇ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿੱਥੇ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਗੱਡੀ ਨੂੰ ਇਸਦੇ ਮੁੱਖ ਗੇਟ ਨਾਲ ਟੱਕਰ ਮਾਰ ਕੇ ਫੌਜੀ ਕੈਂਪ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦਾ ਵੀ ਜਾਨੀ ਨੁਕਸਾਨ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਸੁਰੱਖਿਆ ਸੂਤਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਾਰੇ ਹਮਲਾਵਰਾਂ ਨੂੰ ਮਾਰ ਕੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ।
ਰੱਖਿਆ ਮੰਤਰੀ ਖਵਾਜਾ ਆਸਿਫ ਨੇ ਐਕਸ 'ਤੇ ਇੱਕ ਬਿਆਨ ਵਿੱਚ ਕਿਹਾ ਕਿ ਕਾਬੁਲ ਨਾਲ ਸਬੰਧ ਹੁਣ ਪਹਿਲਾਂ ਵਰਗੇ ਨਹੀਂ ਰਹਿਣਗੇ। ਉਨ੍ਹਾਂ ਲਿਖਿਆ, ਹੁਣ ਵਿਰੋਧ ਪੱਤਰ ਜਾਂ ਸ਼ਾਂਤੀ ਦੀ ਅਪੀਲ ਨਹੀਂ ਹੋਵੇਗੀ। ਕੋਈ ਵਫ਼ਦ ਕਾਬੁਲ ਨਹੀਂ ਜਾਵੇਗਾ। ਅੱਤਵਾਦ ਦਾ ਸਰੋਤ ਭਾਵੇਂ ਕਿਤੇ ਵੀ ਹੋਵੇ, ਉਸਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਆਸਿਫ ਨੇ ਅਫਗਾਨਿਸਤਾਨ 'ਤੇ ਭਾਰਤ ਦੀ ਗੋਦੀ ਵਿੱਚ ਬੈਠ ਕੇ ਪਾਕਿਸਤਾਨ ਵਿਰੁੱਧ ਸਾਜ਼ਿਸ਼ ਰਚਣ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਇਸਲਾਮਾਬਾਦ ਹੁਣ ਕਾਬੁਲ ਨਾਲ ਪਹਿਲਾਂ ਵਾਂਗ ਰਿਸ਼ਤੇ ਨਹੀਂ ਰੱਖ ਸਕਦਾ।ਉਨ੍ਹਾਂ ਲਿਖਿਆ, ਪਾਕਿਸਤਾਨੀ ਧਰਤੀ 'ਤੇ ਰਹਿਣ ਵਾਲੇ ਸਾਰੇ ਅਫਗਾਨਾਂ ਨੂੰ ਆਪਣੇ ਵਤਨ ਵਾਪਸ ਜਾਣਾ ਹੋਵੇਗਾ। ਹੁਣ ਕਾਬੁਲ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਹੈ। ਇਸਲਾਮੀ ਕ੍ਰਾਂਤੀ ਨੂੰ ਪੰਜ ਸਾਲ ਹੋ ਗਏ ਹਨ। ਉਨ੍ਹਾਂ ਨੂੰ ਪਾਕਿਸਤਾਨ ਨਾਲ ਗੁਆਂਢੀਆਂ ਵਾਂਗ ਰਹਿਣਾ ਹੋਵੇਗਾ। ‘‘ਇਸ ਪੋਸਟ ਵਿੱਚ, ਰੱਖਿਆ ਮੰਤਰੀ ਨੇ ਪਾਕਿਸਤਾਨੀ ਵਫ਼ਦਾਂ ਦੇ ਕਾਬੁਲ ਦੇ ਦੌਰਿਆਂ ਦਾ ਵੇਰਵਾ ਦਿੱਤਾ ਅਤੇ ਅਫਗਾਨਿਸਤਾਨ ਤੋਂ ਸਰਗਰਮ ਅੱਤਵਾਦੀ ਸਮੂਹਾਂ ਦੀਆਂ ਗਤੀਵਿਧੀਆਂ ਅਤੇ ਕੁੱਲ ਮੌਤਾਂ ਦੇ ਅੰਕੜੇ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ