ਬਿਸ਼ਕੇਕ (ਕਿਰਗਿਸਤਾਨ), 18 ਅਕਤੂਬਰ (ਹਿੰ.ਸ.)। ਭਾਰਤੀ ਅੰਡਰ-17 ਮਹਿਲਾ ਫੁੱਟਬਾਲ ਟੀਮ ਨੇ 20 ਸਾਲਾਂ ਬਾਅਦ ਏਐਫਸੀ ਅੰਡਰ-17 ਮਹਿਲਾ ਏਸ਼ੀਅਨ ਕੱਪ 2026 ਲਈ ਕੁਆਲੀਫਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਡੋਲੋਨ ਓਮੁਰਜ਼ਾਕੋਵ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਉਜ਼ਬੇਕਿਸਤਾਨ ਨੂੰ 2-1 ਨਾਲ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ।
ਮੈਚ ਵਿੱਚ ਭਾਰਤ ਨੇ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਮੁੱਖ ਕੋਚ ਜੋਆਚਿਮ ਅਲੈਗਜ਼ੈਂਡਰਸਨ ਦੇ ਰਣਨੀਤਕ ਬਦਲਾਅ ਨੇ ਮੈਚ ਦਾ ਰੁਖ਼ ਬਦਲ ਦਿੱਤਾ। ਉਨ੍ਹਾਂ ਨੇ 40ਵੇਂ ਮਿੰਟ ਵਿੱਚ ਬੋਨੀਫਿਲੀਆ ਸ਼ੁਲਾਈ ਦੀ ਥਾਂ ਥੰਦਮਨੀ ਬਾਸਕੇ ਨੂੰ ਮੈਦਾਨ ’ਤੇ ਉਤਾਰਿਆ। ਬਾਸਕੇ ਨੇ 55ਵੇਂ ਮਿੰਟ ਵਿੱਚ ਭਾਰਤ ਲਈ ਬਰਾਬਰੀ ਦਾ ਗੋਲਾ ਕੀਤਾ ਅਤੇ ਫਿਰ 66ਵੇਂ ਮਿੰਟ ਵਿੱਚ ਅਨੁਸ਼ਕਾ ਕੁਮਾਰੀ ਲਈ ਦੂਜਾ ਗੋਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।ਇਸ ਤੋਂ ਪਹਿਲਾਂ, ਉਜ਼ਬੇਕਿਸਤਾਨ ਦੀ ਸ਼ਖਜ਼ੋਦਾ ਅਲੀਖੋਨੋਵਾ ਨੇ 38ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ ਸੀ। ਹਾਲਾਂਕਿ, ਭਾਰਤੀ ਟੀਮ ਨੇ ਦੂਜੇ ਹਾਫ ਵਿੱਚ ਸ਼ਾਨਦਾਰ ਕੰਟਰੋਲ ਦਿਖਾਇਆ, ਮੈਚ ਜਿੱਤਿਆ ਅਤੇ ਕੁਆਲੀਫਾਈ ਯਕੀਨੀ ਬਣਾਇਆ।
ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਅੰਡਰ-17 ਮਹਿਲਾ ਟੀਮ ਨੇ ਮੈਰਿਟ ਦੇ ਆਧਾਰ 'ਤੇ ਏਐਫਸੀ ਏਸ਼ੀਅਨ ਕੱਪ ਲਈ ਕੁਆਲੀਫਾਈ ਕੀਤਾ ਹੈ। ਭਾਰਤ ਨੇ ਆਖਰੀ ਵਾਰ 2005 ਵਿੱਚ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ, ਜਦੋਂ 11 ਟੀਮਾਂ ਨੂੰ ਸਿੱਧਾ ਪ੍ਰਵੇਸ਼ ਮਿਲਿਆ ਸੀ। ਹਾਲਾਂਕਿ, ਯੋਗਤਾ ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ ਭਾਰਤ ਕਦੇ ਵੀ ਕੁਆਲੀਫਾਈ ਨਹੀਂ ਕਰ ਸਕਿਆ ਸੀ। ਹੁਣ, ਤਿੰਨੋਂ ਟੀਮਾਂ, ਜਿਨ੍ਹਾਂ ਵਿੱਚ ਸੀਨੀਅਰ ਮਹਿਲਾ ਟੀਮ, ਅੰਡਰ-20 ਮਹਿਲਾ ਟੀਮ ਅਤੇ ਅੰਡਰ-17 ਮਹਿਲਾ ਟੀਮ ਸ਼ਾਮਲ ਹੈ, ਮਹਾਂਦੀਪੀ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ