ਲੁਧਿਆਣਾ, 18 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਇਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਜਲੰਧਰ ਬਾਈਪਾਸ ਚੌਂਕ ਨੇੜੇ ਵਾਲੀਬਾਲ ਖੇਡ ਗਰਾਊਂਡ ਨੂੰ ਖਿਡਾਰੀਆਂ ਲਈ ਅਰਪਿਤ ਕਰਦਿਆਂ ਕੀਤਾ। ਵਿਧਾਇਕ ਬੱਗਾ ਨੇ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜਿੱਥੇ ਹਲਕੇ ਵਿੱਚ ਜੰਗੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉੱਥੇ ਨਰੌਈ ਜਵਾਨੀ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨਾਂ ਦੀ ਉਸਾਰੀ ਨਾਲ ਉਹ ਨਾ ਸਿਰਫ਼ ਵਧੀਆ ਖਿਡਾਰੀ ਬਣਨਗੇ ਸਗੋਂ ਚੰਗੀਆਂ ਨੌਕਰੀਆਂ ਦੇ ਮੌਕੇ ਵੀ ਪ੍ਰਾਪਤ ਕਰਨਗੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਤੰਦਰੁਸਤ ਰਹਿਣਗੇ। ਵਿਧਾਇਕ ਬੱਗਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਾਸੇ ਰੱਖਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ।ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸਿ਼ਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ, ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬੀ ਖੇਡਾਂ ਦੇ ਖੇਤਰ ਵਿੱਚ ਦੁਨੀਆਂ ਭਰ ਵਿੱਚ ਨਾਮਣਾ ਖੱਟਣ। ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਉਹ ਹਲਕਾ ਲੁਧਿਆਣਾ ਉੱਤਰੀ ਦੇ ਨੌਜਵਾਨਾਂ ਦੇ ਸਹਿਯੋਗ ਲਈ ਹਮੇਸ਼ਾਂ ਤੱਤਪਰ ਹਨ ਅਤੇ ਉਨ੍ਹਾਂ ਦੇ ਚੰਗੇਰੇ ਅਤੇ ਉੱਜਵਲ ਭਵਿੱਖ ਲਈ ਦ੍ਰਿੜ ਸੰਕਲਪ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ