ਖੰਨਾ, 18 ਅਕਤੂਬਰ (ਹਿੰ. ਸ.)। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਗਰ ਕੌਂਸਲ ਖੰਨਾ ਨੂੰ 65 ਲੱਖ ਰੁਪਏ ਦੀ ਲਾਗਤ ਵਾਲੀਆਂ 2 ਅਤਿ ਆਧੁਨਿਕ ਤਕਨੀਕ ਨਾਲ ਲੈਸ ਫਾਇਰ ਬ੍ਰਿਗੇਡ ਗੱਡੀਆਂ ਦੀਆਂ ਚਾਬੀਆਂ ਸੌਂਪੀਆਂ। ਉਨ੍ਹਾਂ ਇਹ ਦੋ ਅਤਿ ਆਧੁਨਿਕ ਗੱਡੀਆਂ ਖੰਨਾ ਨੂੰ ਸਮਰਪਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੰਨਾ ਨੂੰ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਇੱਕ ਗੱਡੀ ਦੀ ਕੀਮਤ 25 ਲੱਖ ਰੁਪਏ ਅਤੇ ਦੂਜੀ ਗੱਡੀ ਦੀ ਕੀਮਤ 40 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ 25 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਫੋਮ ਸਪਰੇਅ ਕਰਕੇ ਅਤੇ ਪਾਣੀ ਨਾਲ ਸਪਰੇਅ ਕਰਕੇ ਅੱਗ ਬੁਝਾਉਣ ਦੀ ਸਹੂਲਤ ਹੈ। ਇਹ ਗੱਡੀ ਛੋਟੀ ਹੋਣ ਕਰਕੇ ਸੰਘਣੀਆਂ ਗਲੀਆਂ ਵਿੱਚ ਵੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੂਸਰੀ 40 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਬਹੁਤ ਸਾਰੀਆਂ ਸਹੂਲਤਾਂ ਹਨ। ਉਸ ਵਿੱਚ 1000 ਲੀਟਰ ਪਾਣੀ ਵਾਲਾ ਟੈਂਕ ਹੈ ਜਿਸ ਨਾਲ ਅੱਗ ਬੁਝਾਈ ਜਾ ਸਕਦੀ ਹੈ, ਦੂਸਰਾ ਇਸ ਵਿੱਚ ਸੈਂਸਰ ਲੱਗਿਆ ਹੋਇਆ ਹੈ ਜਿਵੇਂ ਕਈ ਵਾਰ ਅੱਗ ਲੱਗਣ ਨਾਲ ਘਰਾਂ ਅੰਦਰ ਧੂੰਆਂ ਹੋ ਜਾਂਦਾ ਹੈ ਤਾਂ ਅਜਿਹੀ ਜਗ੍ਹਾ ਵਿੱਚ ਕੰਮ ਕਰਨ ਦਾ ਵੀ ਇੰਤਜਾਮ ਹੈ। ਉਨ੍ਹਾਂ ਕਿਹਾ ਕਿ ਜਦੋਂ ਅੱਗ ਲੱਗਦੀ ਹੈ ਤਾਂ ਲਾਈਟ ਚਲੀ ਜਾਂਦੀ ਹੈ ਤਾਂ ਲਾਈਟਾਂ ਜਗਾਉਣ ਲਈ ਇਸ ਵਿੱਚ ਜਨਰੇਟਰ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਇਸ ਗੱਡੀ ਦੇ ਅੰਦਰ ਪੰਪ ਵੀ ਹਨ ਜੋ ਹਾਈ ਲੈਵਲ ਤੱਕ ਪਾਣੀ ਪਹੁੰਚਾ ਸਕਦੇ ਹਨ। ਸੋ ਇਹ ਦੋ ਗੱਡੀਆਂ ਹਲਕਾ ਖੰਨਾ ਲਈ ਆਈਆਂ ਹਨ। ਇਹਨਾਂ ਦਾ ਮੁਸੀਬਤ ਵੇਲੇ ਰੈਸਕਿਊ ਕਰਨ ਲਈ ਬਹੁਤ ਵੱਡਾ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕੇ ਇਹ ਫਾਇਰ ਬ੍ਰਿਗੇਡ ਗੱਡੀਆਂ 24 ਘੰਟੇ ਤਿਆਰ ਰਹਿਣਗੀਆਂ।ਸੌਂਦ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਆਤਿਸ਼ਬਾਜ਼ੀ ਜਾਂ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਜਿਹੇ ਵਿੱਚ ਨੇੜੇ ਫਾਇਰ ਬ੍ਰਿਗੇਡ ਦੀ ਸਹੂਲਤ ਹੋਣਾ ਅਤਿ ਜ਼ਰੂਰੀ ਹੈ ਇਸ ਲਈ ਨਗਰ ਕੌਂਸਲ ਖੰਨਾ ਵਿਖੇ ਨਵੀਂ ਤਕਨੀਕ ਵਾਲੀਆਂ ਫਾਇਰ ਬ੍ਰਿਗੇਡ ਦਿੱਤੀਆਂ ਗਈਆਂ ਹਨ ਤਾਂ ਜੋ ਇਲਾਕਾ ਨਿਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜ਼ੀਹ ਹੈ ਅਤੇ ਪੰਜਾਬ ਸਰਕਾਰ ਐਮਰਜੈਂਸੀ ਹਾਲਾਤਾਂ ‘ਚ ਬੁਨਿਆਦੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਖੰਨਾ ਵਿੱਚ ਮਿਸ਼ਨਰੀ ਦੀ ਘਾਟ ਸੀ, ਉਹ ਘਾਟ ਇੱਕ-ਇੱਕ ਕਰਕੇ ਪੂਰੀ ਹੁੰਦੀ ਜਾ ਰਹੀ ਹੈ। ਇਸ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ, ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਉਸਦੀ ਵਧਾਈ ਵੀ ਦਿੰਦਾ ਹਾਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ