ਚੰਡੀਗੜ੍ਹ, 18 ਅਕਤੂਬਰ (ਹਿੰ .ਸ.)। ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਡਾ. ਭੀਮ ਇੰਦਰ ਸਿੰਘ ਦੀ ਅਗਵਾਈ ਹੇਠ ਗਲੋਬਲ ਪੰਜਾਬ ਫਾਊਂਡੇਸ਼ਨ, ਪੰਜਾਬ ਵਲੋਂ ਤ੍ਰਿਲੋਕ ਢਿੱਲੋਂ ਰਚਿਤ ਹਾਸ ਵਿਅੰਗ ‘ਬਾਬਿਆਂ ਦੇ ਵੱਗ ਫਿਰਦੇ’ ਤੇ ਅੱਜ ਕੱਲ ਇੰਡੀਆ ਆਏ ਹੋਏ ਕੈਨੇਡੀਅਨ ਸਾਹਿਤਕਾਰ ਮਹਿੰਦਰ ਪ੍ਰਤਾਪ ਦੀ ਤੀਸਰੀ ਕਾਵਿ ਪੁਸਤਕ ‘ਸੁਪਨਿਆਂ ਦਾ ਚਾਨਣ’ ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਕਵੀ ਦਰਬਾਰ, ਸਾਹਿਤਕਾਰਾਂ ਦਾ ਸਨਮਾਨ ਅਤੇ ਉਸਾਰੂ ਸਾਹਿਤਕ ‘ਚੁੰਝ ਚਰਚਾ’ ਯਾਦਗਾਰੀ ਰਹੀ। ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁੱਖ ਪ੍ਰਬੰਧਕ ਤੇ ਪ੍ਰੋਗਰਾਮ ਦੇ ਰੂਹੇ-ਰਵਾਂ ਡਾ. ਭੀਮ ਇੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਸਮੇਤ ਗਲੋਬਲ ਪੰਜਾਬ ਫਾਊਂਡੇਸ਼ਨ, ਪੰਜਾਬ ਦੇ ਚੇਅਰਮੈਨ ਹਰਜਿੰਦਰ ਪਾਲ ਸਿੰਘ ਵਾਲੀਆ, ਜੋਗਾ ਸਿੰਘ ਧਨੌਲਾ, ਡਾ. ਲਛਮੀ ਨਰਾਇਣ, ਉਜਾਗਰ ਸਿੰਘ, ਨਿਰੰਜਣ ਬੋਹਾ ਡਾ. ਤ੍ਰਿਲੋਕ ਢਿੱਲੋਂ, ਬਲਵਿੰਦਰ ਸਿੰਘ ਭੱਟੀ, ਦ੍ਰਿਸ਼ਟਾਂਤ ਢਿੱਲੋਂ, ਸੰਤ ਸਿੰਘ ਸੋਹਲ, ਕੁਲਵੰਤ ਖਨੌਰੀ, ਸਤੀਸ਼ ਵਿਦ੍ਰੋਹੀ, ਸਦਾਬਹਾਰ ਵਿਦਿਆਰਥੀ ਜੰਗ ਸਿੰਘ ਫੱਟੜ ਤੇ ਕੁਲਵੰਤ ਸਿੰਘ ਸਮੇਤ ਹੋਰ ਨਫੀਸ ਸਹਿਤਕਾਰਾਂ ਨੇ ਭਰਵੀਂ ਤੇ ਯਾਦਗਾਰੀ ਹਾਜ਼ਰੀ ਲਗਵਾਈ।ਜਿਕਰਯੋਗ ਹੈ ਕਿ ਪਿੰਡ ਸ਼ੰਕਰ, ਜਲੰਧਰ ਦੀ ਮਿੱਟੀ ‘ਚੋਂ ਪੈਦਾ ਹੋਏ ਮਹਿੰਦਰ ਪਰਤਾਪ ਲੰਮਾ ਅਰਸਾ ਜਰਮਨੀ ਵਿੱਚ ਵਿੱਚਰਦੇ ਹੋਏ ਮੌਜੂਦਾ ਵੇਲੇ ਟੋਰਾਂਟੋ, ਕੈਨੇਡਾ ਵਿੱਚ ਸਥਾਪਤ ਕਵੀ, ਨੇਕ ਦਿਲ ਇਨਸਾਨ ਤੇ ਸਫ਼ਲ ਕਾਰੋਬਾਰੀ ਹਨ। ਇਸ ਮੌਕੇ ਮਹਿੰਦਰ ਪ੍ਰਤਾਪ ਨੇ ਦੱਸਿਆ ਕਿ ‘ਸੁਪਨਿਆਂ ਦਾ ਚਾਨਣ’ ਮੇਰੀ ਸੰਜੀਦਾ ਸ਼ਾਇਰੀ ਤੇ ਸੰਜੀਦਾ ਲਿਖਤਾਂ ਵਿੱਚੋਂ ਪਹਿਲੀ ਬੁੱਕ ਹੈ ਤੇ ਇਸ ਵਿੱਚਲੀਆਂ ਕਵਿਤਾਵਾਂ ਮੇਰੇ ਦਿਲ ਦੇ ਨੇੜੇ ਹਨ। ਇਸ ਤੋਂ ਪਹਿਲੋਂ ਮੇਰੀਆਂ ਦੋ ਕਿਤਾਬਾਂ ‘ਇੱਕ ਮੁੱਠੀ ਯਾਦਾਂ ਦੀ’ ਤੇ ਤਰੰਗ (ਹਿੰਦੀ) ਛਪ ਚੁੱਕੀਆਂ ਹਨ। ‘ਇੱਕ ਕਮਰਾ’ ਮੇਰੀ ਅਗਲੀ ਸਾਹਿਤਕ ਪੁਸਤਕ ਵੀ ਕੁਝ ਦਿਨਾਂ ਵਿੱਚ ਪਾਠਕਾਂ ਦੇ ਹੱਥਾਂ ਵਿੱਚ ਹੋਏਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ