ਮੋਹਾਲੀ, 19 ਅਕਤੂਬਰ (ਹਿੰ. ਸ.)। ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ-ਛੋੜ ਦਿਵਸ ਦੀ ਵਧਾਈ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਪ੍ਰਦੂਸ਼ਣ-ਮੁਕਤ ਤੇ ਹਰੀ-ਭਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਸਿਵਲ ਸਰਜਨ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਵਾਤਾਵਰਣ ’ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ, ਉਸ ਨੂੰ ਵੇਖਦਿਆਂ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਜਿਥੇ ਆਬੋ-ਹਵਾ ਵਿਗੜਦੀ ਹੈ, ਉਥੇ ਪਟਾਕੇ ਚਲਾਉਣਾ ਜੋਖਮ ਭਰਿਆ ਅਮਲ ਵੀ ਹੈ ਤੇ ਨਾਲ ਹੀ ਇਹ ਮਨੁੱਖੀ ਸਿਹਤ ਲਈ ਵੀ ਨੁਕਸਾਨਦਾਇਕ ਹੋ ਸਕਦਾ ਹੈ l
ਸੁਰੱਖਿਅਤ ਦੀਵਾਲੀ ਮਨਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਾ. ਜੈਨ ਨੇ ਕਿਹਾ ਜੇ ਪਟਾਕੇ ਚਲਾਉਣੇ ਹੀ ਹਨ ਤਾਂ ਸਾਵਧਾਨੀਆਂ ਵਰਤੀਆਂ ਜਾਣ। ਅੱਖਾਂ ਦਾ ਖ਼ਾਸ ਤੌਰ ’ਤੇ ਖ਼ਿਆਲ ਰਖਣਾ ਜ਼ਰੂਰੀ ਹੈ ਤੇ ਨਾਲ ਹੀ ਪਾਣੀ ਦੀਆਂ ਬਾਲਟੀਆਂ ਅਤੇ ਮਿੱਟੀ ਦੇ ਥੈਲੇ ਅਪਣੀ ਸੁਖਾਲੀ ਪਹੁੰਚ ’ਚ ਰੱਖੇ ਜਾਣ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਆਤਿਸ਼ਬਾਜ਼ੀ ਤੋਂ ਦੂਰ ਰਖਿਆ ਜਾਵੇ ਅਤੇ ਮਾਪਿਆਂ ਦਾ ਬੱਚਿਆਂ ਨਾਲ ਮੌਜੂਦ ਹੋਣਾ ਜ਼ਰੂਰੀ ਹੈ। ਪਟਾਕੇ ਚਲਾਉਂਦੇ ਸਮੇਂ ਰੇਸ਼ਮੀ ਅਤੇ ਢਿੱਲੇ ਕਪੜੇ ਨਹੀਂ ਪਾਉਣੇ ਚਾਹੀਦੇ ਸਗੋਂ ਸੂਤੀ ਕਪੜੇ ਪਾਉਣੇ ਚਾਹੀਦੇ ਹਨ। ਪਟਾਕੇ ਕਦੇ ਵੀ ਹੱਥ ਵਿਚ ਫੜ ਕੇ ਨਹੀਂ ਚਲਾਉਣੇ ਚਾਹੀਦੇ ਅਤੇ ਅਣਚੱਲੇ ਪਟਾਕਿਆਂ ਨੂੰ ਮੁੜ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੁਰੱਖਿਅਤ ਅਤੇ ਵਾਤਾਵਰਣ ਹਿਤੈਸ਼ੀ ਦੀਵਾਲੀ ਪ੍ਰਤੀ ਵਚਨਬੱਧ ਹੈ। ਦੀਵਾਲੀ ਵਾਲੇ ਦਿਨ ਅਤੇ ਰਾਤ ਸਮੇਂ ਜ਼ਿਲ੍ਹੇ ਦੀਆਂ ਸਾਰੀਆਂ ਵੱਡੀਆਂ ਸਿਹਤ ਸੰਸਥਾਵਾਂ ਜਿਵੇਂ ਜ਼ਿਲ੍ਹਾ ਹਸਪਤਾਲ ਮੋਹਾਲੀ, ਖਰੜ, ਕੁਰਾਲੀ, ਘੜੂੰਆਂ, ਡੇਰਾਬੱਸੀ, ਢਕੋਲੀ, ਲਾਲੜੂ, ਬਨੂੜ, ਬੂਥਗੜ੍ਹ ਆਦਿ ਵਿਚ ਜਿਥੇ ਐਮਰਜੈਂਸੀ ਸੇਵਾਵਾਂ ਆਮ ਵਾਂਗ ਚਾਲੂ ਰਹਿਣਗੀਆਂ, ਉਥੇ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਵਿਸ਼ੇਸ਼-ਡਿਊਟੀਆਂ ਲਗਾਈਆਂ ਗਈਆਂ ਹਨ ਤਾਕਿ ਜੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੀਵਾਲੀ ਆਪਸੀ ਪ੍ਰੇਮ, ਖ਼ੁਸ਼ੀ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ, ਇਸ ਲਈ ਸਾਰਿਆਂ ਨੂੰ ਇਹ ਤਿਉਹਾਰ ਇਸੇ ਭਾਵਨਾ ਨਾਲ ਮਿਲ-ਜੁਲ ਕੇ ਮਨਾਉਣਾ ਚਾਹੀਦਾ ਹੈ ਤੇ ਨਾਲ ਹੀ ਅਪਣੀ ਸਿਹਤ ਅਤੇ ਵਾਤਾਵਰਣ ਦਾ ਵੀ ਖ਼ਿਆਲ ਰਖਣਾ ਜ਼ਰੂਰੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ