ਹੁਸ਼ਿਆਰਪੁਰ, 19 ਅਕਤੂਬਰ (ਹਿੰ. ਸ.)। ਵਿਧਾਨ ਸਭਾ ਹਲਕਾ ਚੱਬੇਵਾਲ ਅੰਦਰ ਸੜਕਾਂ ਦੇ ਨਵੀਨੀਕਰਨ ਉਪਰ ਪੰਜਾਬ ਸਰਕਾਰ ਵੱਲੋਂ 35.93 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਸਾਂਝੀ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਪਿੰਡਾਂ-ਸ਼ਹਿਰਾਂ ਨੂੰ ਜੋੜਨ ਵਾਲੀਆਂ ਸੜਕਾਂ ਦੇ ਕੀਤੇ ਜਾ ਰਹੇ ਨਵੀਨੀਕਰਨ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਚੱਬੇਵਾਲ ਦੀਆਂ ਸੜਕਾਂ ਲਈ 35.93 ਕਰੋੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ। ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਤਹਿਤ ਜ਼ਿਲ੍ਹੇ ਦੇ ਬਾਕੀ ਹਲਕਿਆਂ ਸਮੇਤ ਚੱਬੇਵਾਲ ਹਲਕੇ ਦੀਆਂ ਕਈ ਵੱਡੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਜਿਹੜੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਜਾਣਾ ਹੈ, ਇਸ ਨਾਲ ਚੱਬੇਵਾਲ ਹਲਕੇ ਅੰਦਰ ਸੜਕਾਂ ਦਾ ਇਕ ਮਜ਼ਬੂਤ ਨੈੱਟਵਰਕ ਸਥਾਪਿਤ ਹੋਵੇਗਾ, ਜਿਸ ਨਾਲ ਲੋਕਾਂ ਨੂੰ ਇਕ ਤੋਂ ਦੂਜੀ ਥਾਂ ਜਾਣ ਵਿਚ ਜਿਥੇ ਆਸਾਨੀ ਹੋਵੇਗੀ, ਉਥੇ ਹੀ ਸਮੇਂ ਦੀ ਬੱਚਤ ਅਤੇ ਗੱਡੀਆਂ ਦੇ ਰੱਖ-ਰਖਾਅ ਵਿਚ ਸਹੂਲਤ ਮਿਲੇਗੀ। ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2024-25 ਦੌਰਾਨ ਮੱਦ 5054 ਆਰ.ਬੀ-10 ਸੜਕਾਂ ਅਧੀਨ 781 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦਾ ਕੰਮ ਪੂਰਾ ਕੀਤਾ ਗਿਆ ਹੈ, ਜਿਸ ਉੱਤੇ 503.02 ਕਰੋੜ ਰੁਪਏ ਦਾ ਕੁੱਲ ਖ਼ਰਚਾ ਕੀਤਾ ਗਿਆ। ਵਿੱਤੀ ਸਾਲ 2025-26 ਦੌਰਾਨ 840 ਕਿਲੋਮੀਟਰ ਲੰਬਾਈ ਦੀ ਸੜਕਾਂ ਦੀ ਉਸਾਰੀ 'ਤੇ 663 ਕਰੋੜ ਖ਼ਰਚ ਕਰਨ ਦੀ ਯੋਜਨਾ ਹੈ, ਜਿਸ ਵਿਚੋਂ 342 ਕਿਲੋਮੀਟਰ ਦੀ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਸੜਕਾਂ ਤੇ ਪੁਲਾਂ ਦੀ ਉਸਾਰੀ ’ਤੇ 190 ਕਰੋੜ ਖ਼ਰਚ ਕਰਨ ਦੀ ਯੋਜਨਾ ਹੈ। ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਚੱਬੇਵਾਲ ਹਲਕੇ ਅੰਦਰ ਸੜਕ ਮਾਰਗਾਂ ਨੂੰ ਮਜ਼ਬੂਤ ਕਰਨ ਲਈ ਪੂਰੀ ਯੋਜਨਾਬੰਦੀ ਤਹਿਤ ਕਾਰਜ ਕੀਤਾ ਗਿਆ ਹੈ, ਸਭ ਤੋਂ ਪਹਿਲਾ ਉਨ੍ਹਾਂ ਸੜਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਨ੍ਹਾਂ ਦੀ ਰਿਪੇਅਰ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਸੀ ਅਤੇ ਇਸ ਉਪਰੰਤ ਲੋਕਾਂ ਦੀਆਂ ਮੰਗਾਂ ਦੇ ਮੁਤਾਬਿਕ ਨਵੀਆਂ ਸੜਕਾਂ ਦਾ ਖਾਕਾ ਤਿਆਰ ਕੀਤਾ ਗਿਆ ਅਤੇ ਹੁਣ ਉਸ ਯੋਜਨਾਬੰਦੀ ਨੂੰ 35.93 ਕਰੋੜ ਰੁਪਏ ਖ਼ਰਚ ਕਰਕੇ ਸਾਕਾਰ ਕੀਤਾ ਜਾਵੇਗਾ। ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਅੱਗੇ ਕਿਹਾ ਕਿ ਚੱਬੇਵਾਲ ਹਲਕਾ, ਜੋ ਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਜਾ ਲੱਗਦਾ ਹੈ, ਦੀਆਂ ਬਹੁਤ ਸਾਰੀਆਂ ਸੜਕਾਂ ਰਾਹੀਂ ਲੋਕ ਪੰਜਾਬ ਤੋਂ ਹਿਮਾਚਲ ਜਾਂਦੇ ਹਨ ਅਤੇ ਇਸੇ ਤਰ੍ਹਾਂ ਹਿਮਾਚਲ ਤੋਂ ਲੋਕ ਪੰਜਾਬ ਵੀ ਆਉਂਦੇ ਹਨ। ਇਨ੍ਹਾਂ ਸੜਕਾਂ ਰਾਹੀਂ ਆਉਣ ਵਾਲੇ ਸਮੇਂ ਵਿਚ ਵਪਾਰ ਵਧੇਗਾ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਸੜਕਾਂ ਵਾਂਗ ਹਲਕੇ ਅੰਦਰ ਵਿਕਾਸ ਦੇ ਦੂਸਰੇ ਕਾਰਜ ਵੀ ਤੇਜ਼ ਗਤੀ ਨਾਲ ਕਰਵਾਏ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ