ਫਤਹਿਗੜ੍ਹ ਸਾਹਿਬ, 20 ਅਕਤੂਬਰ (ਹਿੰ.ਸ.)। ਸਾਲ 1967 ਤੋਂ ਸਥਾਪਿਤ ਏਡਿਡ ਸਕੂਲਾਂ ਦਾ ਇੰਨਾ ਬੁਰਾ ਦੌਰ ਕਦੇ ਵੀ ਨਹੀਂ ਆਇਆ ਜੋ ‘ਆਪ‘ ਸਰਕਾਰ ਦੇ ਦੌਰ ਵਿਚ ਦੇਖਣਾ ਪੈ ਰਿਹਾ ਹੈ, ਜਿਸ ਲਈ ਅਧਿਆਪਕ ਵਰਗ ਅਤੇ ਉਨ੍ਹਾਂ ਦੇ ਪਰਿਵਾਰ ਪੰਜਾਬ ਸਰਕਾਰ ਨੂੰ ਕਦੇ ਮੁਆਫ਼ ਨਹੀਂ ਕਰ ਸਕਦੇ। ਇਹ ਪ੍ਰਗਟਾਵਾ ਏਡਿਡ ਅਧਿਆਪਕਾਂ ਦੇ ਆਗੂ ਪ੍ਰਿੰਸੀਪਲ ਅੰਜੂ ਕੌੜਾ ਨੇ ਗੱਲਬਾਤ ਕਰਦਿਆਂ ਕੀਤਾ। ਪ੍ਰਿੰਸੀਪਲ ਕੌੜਾ ਨੇ ਕਿਹਾ ਕਿ ਸਮੁੱਚੀ ਦੁਨੀਆਂ ਵਿਚ ਭਾਰਤ ਦੇ ਤਿਉਹਾਰਾਂ ਦੀ ਧੂਮ ਰਹਿੰਦੀ ਹੈ ਆਪ ਸਰਕਾਰ ਕਾਰਨ ਸਾਡੇ ਪਵਿੱਤਰ ਧਾਰਮਿਕ ਅਤੇ ਭਾਵਨਾਤਮਿ ਕ ਤਿਉਹਾਰ ਵਿਸਾਖ, ਰੱਖੜੀ, ਨਵਰਾਤਰੇ, ਗੁਰਪੁਰਬ, ਦੁਸਹਿਰਾ ਅਤੇ ਹੁਣ ਦੀਵਾਲੀ ਬਿਨਾਂ ਤਨਖਾਹ, ਕੰਗਾਲੀ ਅਤੇ ਮਜ਼ਬੂਰੀ ਵਿਚ ਨਿਕਲਣਗੇ।
ਪ੍ਰਿੰਸੀਪਲ ਕੌੜਾ ਨੇ ਸਵਾਲ ਕੀਤੀ ਕਿ 7 ਮਹੀਨਿਆਂ ਤੋਂ ਜੇਕਰ ਕਿਸੇ ਵਿਧਾਇਕ, ਸੰਸਦ ਜਾਂ ਕਿਸੇ ਸਿਵਲ ਅਧਿਕਾਰੀ ਨੂੰ ਤਨਖਾਹ ਨਾ ਮਿਲੇ, ਉਨ੍ਹਾਂ ਦਾ ਵਿਵਹਾਰ ਕਿਵੇਂ ਦਾ ਹੇਵੇਗਾ? ਉਨ੍ਹਾਂ ਕਿਹਾ ਆਪਣੇ ਇਲਾਕੇ ਦੇ ਵਿਧਾਇਕ ਅਤੇ ਵਿੱਤ ਮੰਤਰੀ ਨੂੰ ਵਾਰ-ਵਾਰ ਮਿਲਣ ’ਤੇ ਵੀ ਟਾਲ-ਮਟੋਲ ਵਾਲਾ ਵਿਵਹਾਰ, ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰਨ ਵਾਲਿਆ ਦੀ ਪੋਲ ਖੋਲ ਰਿਹਾ ਹੈ। ਪ੍ਰਿੰਸੀਪਲ ਕੌੜਾ ਨੇ ਕਿਹਾ ਹਰ ਸਾਲ ਅਪ੍ਰੈਲ ਮਹੀਨੇ ਵਿਚ ਦਸੰਬਰ ਤੱਕ ਦੀ ਗ੍ਰਾਂਟ ਆ ਜਾਂਦੀ ਹੈ, ਇੰਨੀਆਂ ਮਿੰਨਤਾਂ ਅਤੇ ਸਕਕਾਰੀ ਭਰੋਸੇ ਦੇ ਚਲਦੇ ਦੀਵਾਲੀ ਤੋਂ ਦੋ ਦਿਨ ਪਹਿਲਾਂ ਅਪ੍ਰੈਲ ਮਹੀਨੇ ਦੀ ਗ੍ਰਾਂਟ ਜਾਰੀ ਕਰਕੇ ਸਰਕਾਰ ਨੇ ਏਡਿਡ ਕਰਮਚਾਰੀਆਂ ਦੇ ਜਖਮਾਂ ਉੱਪਰ ਲੂਣ ਛਿੜਕਿਆ ਹੈ। ਏਡਿਡ ਕਰਮਚਾਰੀਆਂ ਨੇ ਇੱਕ ਮਹੀਨੇ ਦੀ ਗ੍ਰਾਂਟ ਸਰਕਾਰੀ ਖਜ਼ਾਨੇ ਤੋਂ ਨਾ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਪਹਿਲਾਂ ਦੀ ਤਰ੍ਹਾਂ ਦਸੰਬਰ ਤੱਕ ਗ੍ਰਾਂਟ ਜਾਰੀ ਕਰੇ ਤਾਂ ਹੀ ਉਹ ਤਨਖਾਹ ਲੈਣਗੇ।
ਉਨ੍ਹਾਂ ਕਿਹਾ ਮਾਨ ਸਾਹਿਬ ਖੁਦ ਮਾਸਟਰ ਦੇ ਪੁੱਤਰ ਹਨ ਤਾਂ ਉਹ ਦੱਸਣ ਜਦੋਂ ਘਰ ਵਿਚ 7 ਮਹੀਨਿਆਂ ਤੋਂ ਤਨਖਾਹ ਨਾ ਆਏ ਤਾਂ ਕਰਮਚਾਰੀ ਘਰ ਦੇ ਖਰਚੇ ਤਿਉਹਾਰ ਕਿਸ ਤਰ੍ਹਾਂ ਮਨਾਉਣਗੇ? ਏਡਿਡ ਸਕੂਲਾਂ ਵਿਚ ਕਰਮਚਾਰੀਆਂ ਦੀ ਕਾਲੀ ਅਤੇ ਸੁੰਨੀ ਦੀਵਾਲੀ ਸਾਰੇ ਆਪ ਸਰਕਾਰ ਦੇ ਵਿਧਾਇਕ, ਸੰਸਦ ਅਤੇ ਵਿਰੋਧੀ ਪਾਰਟੀਆਂ ਦੇ ਵਿਧਾਇਕ, ਸੰਸਦ ਉੱਪਰ ਵੀ ਕਾਲਾ ਧੱਬਾ ਹਨ। ਸਾਨੂੰ ਗੁੱਸਾ ਹੈ ਕਿ ਕਿਸੇ ਵੀ ਵਿਰੋਧੀ ਪਾਰਟੀ ਦੇ ਨੇਤਾ ਨੇ ਸਾਡੇ ਨੇਕ ਅਤੇ ਹੱਕ ਦੀ ਕਮਾਈ ਲਈ ਸਰਕਾਰ ਨਾਲ ਤਕਰਾਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਬੌਧਿਕ ਅਤੇ ਸਿੱਖਿਅਤ ਵਰਗ ਨੂੰ ਪ੍ਰੇਸ਼ਾਨ ਕੀਤਾ ਗਿਆ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮੇਂ-ਸਮੇਂ ਸਾਸ਼ਕਾਂ ਨੂੰ ਆਪਣੀ ਸੱਤਾ ਤੋਂ ਹੱਥ ਧੋਣਾ ਪਿਆ ਹੈ। ਉਨ੍ਹਾਂ ਕਿਹਾ ਸਿਰਫ ਇੱਕ ਚਾਣਕਿਆ ਨੂੰ ਆਪਣੇ ਚੇਲੇ ਚੰਦਰਗੁਪਤ ਵੱਲੋਂ ਸ਼ਕਤੀਸ਼ਾਲੀ ਨੰਦ ਵੰਸ਼ ਨੂੰ ਹਰਾ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕ ਸਰਕਾਰ ਤੋਂ ਭੀਖ ਨਹੀਂ , ਆਪਣੇ ਕੀਤੇ ਕੰਮ ਦਾ ਹੱਕ ਮੰਗ ਰਹੇ ਹਨ। ਸਾਨੂੰ ਦੀਵਾਲੀ ਦਾ ਤੋਹਫਾ ਨਹੀਂ ਚਾਹੀਦਾ, ਉਨ੍ਹਾਂ ਤੋਂ ਸਾਡੀ ਦਸੰਬਰ ਤੱਕ ਦੀ ਗ੍ਰਾਂਟ ਜਾਰੀ ਕਰਨ ਦਾ ਆਦੇਸ਼ ਦੇ ਕੇ ਸਰਕਾਰ ਕਰਮਚਾਰੀਆਂ ਦੀ ਨਰਾਜ਼ਗੀ ਨੂੰ ਦੂਰ ਕਰੇ।
ਇਸ ਦੌਰਾਨ ਅਧਿਆਪਕ ਆਗੂ ਮਹੇਸ਼ ਗੌਤਮ ਨੇ ਕਿਹਾ ਕਿ ਏਡਿਡ ਸਕੂਲ ਦੇ ਕਰਮਚਾਰੀ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹਨ, ਆਪ ਸਰਕਾਰ ਦੇ ਰਾਜ ਵਿਚ ਜਿਹੜੀ ਕਿ ਸਿੱਖਿਆ ਕ੍ਰਾਂਤੀ ਦਾ ਦਾਆਵਾ ਕਰਦੀ ਹੈ, ਇਨ੍ਹਾਂ ਸਕੂਲਾਂ ਦੇ ਕਰਮਚਾਰੀ ਪਿਛਲੇ 7 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ। ਇਹ ਕਰਮਚਾਰੀ ਕਦੋਂ ਤੱਕ ਸਹੀ ਢੰਗ ਨਾਲ ਆਪਣਾ ਕੰਮ ਕਰ ਸਕਣਗੇ। ਇਸ ਲਈ ਆਪ ਸਰਕਾਰ ਨੂੰ ਇਨ੍ਹਾਂ ਏਡਿਡ ਸਕੂਲਾਂ ਦੇ ਕਰਮਚਾਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ