
ਬਠਿੰਡਾ, 20 ਅਕਤੂਬਰ (ਹਿੰ. ਸ.)। ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਡਾ ਤਪਿੰਦਰਜੋਤ ਸਿਵਲ ਸਰਜਨ ਨੇ ਜਿਲ੍ਹਾ ਨਿਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਅਤੇ ਪਟਾਖਿਆਂ ਤੋਂ ਰਹਿਤ ਗਰੀਨ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਪਟਾਖਿਆਂ ਤੋਂ ਨਿਕਲਿਆ ਧੂੰਆਂ ਅਤੇ ਪ੍ਰਦੂਸ਼ਣ ਨਾਲ ਕਈ ਬਿਮਾਰੀਆਂ ਜਿਵੇ ਸਾਹ, ਦਮਾ, ਦਿਲ, ਅੱਖਾਂ, ਚਮੜੀ, ਕੈਂਸਰ ਅਤੇ ਤਪਦਿਕ ਦੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਖਾਸ ਕਰਕੇ ਬੱਚੇ, ਬਜ਼ੁਰਗ ਅਤੇ ਗਰਭਵਤੀ ਮਾਵਾਂ ਇਸ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਉਹਨਾਂ ਬਜੁਰਗਾਂ, ਗਰਭਵਤੀ ਮਾਵਾਂ, ਸਾਹ ਅਤੇ ਦਮੇ ਦੇ ਮਰੀਜਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਦਿਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਾ ਨਿਕਲਣ। ਧੂੰਆਂ ਅਤੇ ਪਟਾਖਿਆਂ ਦੀ ਰਹਿੰਦ ਖੂੰਹਦ ਵਾਤਾਵਾਰਣ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ। ਉਹਨਾਂ ਬੱਚਿਆਂ ਨੂੰ ਵੱਡਿਆਂ ਦੀ ਨਿਗਰਾਨੀ ਹੇਠ ਪਟਾਕੇ ਚਲਾਉਣ ਦੀ ਸਲਾਹ ਵੀ ਦਿੱਤੀ।
ਉਹਨਾਂ ਕਿਹਾ ਕਿ ਪਟਾਖੇ ਚਲਾਉਣ ਸਮੇਂ ਪਾਣੀ ਦੀ ਬਾਲਟੀ ਆਪਣੇ ਕੋਲ ਭਰ ਕੇ ਰੱਖਣ। ਉਹਨਾਂ ਕਿਹਾ ਕਿ ਦਿਵਾਲੀ ਮੌਕੇ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ, ਬਲਕਿ ਸੂਚੀ ਕੱਪੜੇ ਪਹਿਨੇ ਜਾਣ। ਉਹਨਾਂ ਕਿਹਾ ਕਿ ਅਨਚੱਲੇ ਪਟਾਖਿਆਂ ਨੂੰ ਬੱਚੇ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਦੇ ਹਨ, ਅਨਚੱਲੇ ਪਟਾਖੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਹ ਅਨਚੱਲੇ ਪਟਾਖੇ ਕਿਸੇ ਵੀ ਸਮੇਂ ਫਟ ਸਕਦੇ ਹਨ ਅਤੇ ਕਿਸੇ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹਨ। ਉਹਨਾਂ ਕਿਹਾ ਕਿ ਪਟਾਖਿਆਂ ਨਾਲ ਅੱਖਾਂ ਦੀ ਘਟਨਾਵਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਵਧਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਵੱਡਿਆਂ ਦੀ ਨਿਗਰਾਨੀ ਅਤੇ ਅੱਖਾਂ ਤੋਂ ਦੂਰ ਰੱਖ ਕੇ ਹੀ ਚਲਾਓ। ਜੇਕਰ ਅੱਖਾਂ ਤੇ ਸੱਟ ਵੀ ਲੱਗ ਜਾਵੇ ਤਾਂ ਉੁਸ ਨੂੰ ਮਲਣਾ ਨਹੀਂ ਚਾਹੀਦਾ, ਸਗੋਂ ਜਲਦੀ ਤੋਂ ਜਲਦੀ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਤਿਉਹਾਰ ਦੇ ਮੱਦੇਨਜਰ ਲੋਕਾਂ ਨੂੰ ਸ਼ੁੱਧ ਘਰ ਦਾ ਖਾਣਾ, ਘਰ ਦੀਆਂ ਬਣੀਆਂ ਮਿਠਾਈਆਂ ਅਤੇ ਫ਼ਲ ਖਾਣੇ ਚਾਹੀਦੇ ਹਨ ਅਤੇ ਬਾਜ਼ਾਰਾਂ ਦੇ ਖਾਣੇ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ