ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਹਿੰ. ਸ.)।
ਦੇਸ਼ ਭਰ ਦੇ ਸੈਨਿਕ ਸਕੂਲਾਂ ਵਿੱਚ ਦਾਖਲੇ ਲਈ ਅਖਿਲ ਭਾਰਤੀ ਸੈਨਿਕ ਸਕੂਲ ਦਾਖਲਾ ਪ੍ਰੀਖਿਆ (AISSEE) ਅਕਾਦਮਿਕ ਸੈਸ਼ਨ 2026–27 ਲਈ ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਕਰਵਾਈ ਜਾਵੇਗੀ। ਇਹ ਪ੍ਰੀਖਿਆ ਓਐਮਆਰ (ਆਫਲਾਈਨ) ਮੋਡ ਵਿੱਚ ਹੋਵੇਗੀ ਅਤੇ ਪ੍ਰੀਖਿਆ ਦੀ ਮਿਤੀ ਬਾਅਦ ਵਿੱਚ NTA ਦੀ ਅਧਿਕਾਰਕ ਵੈਬਸਾਈਟ https://exams.nta.ac.in/AISSEE ‘ਤੇ ਜਾਰੀ ਕੀਤੀ ਜਾਵੇਗੀ। ਇਹ ਜਾਣਕਾਰੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਪੈਟਰਨ ਵਿੱਚ ਕਲਾਸ ਛੇਵੀਂ ਲਈ ਵਿਸ਼ੇ ਤੇ ਅੰਕ ਵੰਡ ਗਣਿਤ – 50 ਪ੍ਰਸ਼ਨ (150 ਅੰਕ), ਜਨਰਲ ਨੋਲੇਜ – 25 ਪ੍ਰਸ਼ਨ (50 ਅੰਕ), ਭਾਸ਼ਾ – 25 ਪ੍ਰਸ਼ਨ (50 ਅੰਕ), ਇੰਟੈਲੀਜੈਂਸ – 25 ਪ੍ਰਸ਼ਨ (50 ਅੰਕ), ਕੁੱਲ: 125 ਪ੍ਰਸ਼ਨ – 300 ਅੰਕ ਅਤੇ ਕਲਾਸ ਨੌਵੀਂ ਲਈ ਵਿਸ਼ੇ ਤੇ ਅੰਕ ਵੰਡ: ਗਣਿਤ – 50 ਪ੍ਰਸ਼ਨ (200 ਅੰਕ), ਅੰਗ੍ਰੇਜ਼ੀ – 25 ਪ੍ਰਸ਼ਨ (50 ਅੰਕ), ਇੰਟੈਲੀਜੈਂਸ – 25 ਪ੍ਰਸ਼ਨ (50 ਅੰਕ), ਜਨਰਲ ਸਾਇੰਸ – 25 ਪ੍ਰਸ਼ਨ (50 ਅੰਕ), ਸਮਾਜਿਕ ਵਿਗਿਆਨ – 25 ਪ੍ਰਸ਼ਨ (50 ਅੰਕ) ਅਤੇ ਕੁੱਲ 150 ਪ੍ਰਸ਼ਨ – 400 ਅੰਕ ਹਨ।
ਸੀਟਾਂ ਅਤੇ ਰਿਜ਼ਰਵੇਸ਼ਨ ਵਿੱਚ ਰੱਖਿਆ ਮੰਤਰਾਲੇ ਦੇ ਅਧੀਨ ਸੈਨਿਕ ਸਕੂਲ ਕਪੂਰਥਲਾ ਪੰਜਾਬ ਦੇ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ ਸਿੱਖਿਆ ਸੰਸਥਾ ਹੈ। ਅਕਾਦਮਿਕ ਸੈਸ਼ਨ 2026–27 ਲਈ ਲਗਭਗ 90 ਸੀਟਾਂ (80 ਮੁੰਡੇ + 10 ਕੁੜੀਆਂ) ਕਲਾਸ VI ਲਈ ਅਤੇ 18 ਸੀਟਾਂ (15 ਮੁੰਡੇ + 3 ਕੁੜੀਆਂ) ਕਲਾਸ IX ਲਈ ਉਪਲਬਧ ਹੋਣ ਦੀ ਸੰਭਾਵਨਾ ਹੈ।
ਇਸ ਵਿੱਚੋਂ 67% ਸੀਟਾਂ ਪੰਜਾਬ ਰਾਜ ਦੇ ਵਿਦਿਆਰਥੀਆਂ ਲਈ ਰਾਖਵਾਈਆਂ ਹਨ ਅਤੇ 33% ਸੀਟਾਂ ਹੋਰ ਰਾਜਾਂ ਦੇ ਵਿਦਿਆਰਥੀਆਂ ਲਈ ਖੁੱਲ੍ਹੀਆਂ ਹਨ। ਕੁੱਲ ਸੀਟਾਂ ਵਿੱਚੋਂ 15% ਐਸ.ਸੀ., 7.5% ਐਸ.ਟੀ., ਅਤੇ 27% ਓ.ਬੀ.ਸੀ. ਵਰਗਾਂ ਲਈ ਰਿਜ਼ਰਵ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਬਾਕੀ ਰਹਿ ਗਈਆਂ ਸੀਟਾਂ ਵਿੱਚੋਂ 25% ਸੀਟਾਂ ਰੱਖਿਆ ਕਰਮਚਾਰੀਆਂ (ਸੇਵਾ ਵਿੱਚ ਜਾਂ ਸੇਵਾਮੁਕਤ) ਦੇ ਬੱਚਿਆਂ ਲਈ ਰਾਖਵਾਈਆਂ ਗਈਆਂ ਹਨ।
ਯੋਗਤਾ ਮਾਪਦੰਡ ਵਿੱਚ ਕਲਾਸ VI ਲਈ: 01 ਅਪ੍ਰੈਲ 2014 ਤੋਂ 31 ਮਾਰਚ 2016 ਦੇ ਵਿਚਕਾਰ ਜੰਮੇ ਮੁੰਡੇ ਅਤੇ ਕੁੜੀਆਂ। ਕਲਾਸ IX ਲਈ: 01 ਅਪ੍ਰੈਲ 2011 ਤੋਂ 31 ਮਾਰਚ 2013 ਦੇ ਵਿਚਕਾਰ ਜੰਮੇ ਮੁੰਡੇ, ਜਿਨ੍ਹਾਂ ਨੇ ਮਾਨਤਾ ਪ੍ਰਾਪਤ ਸਕੂਲ ਤੋਂ ਕਲਾਸ ਅੱਠਵੀਂ VIII ਪਾਸ ਕੀਤੀ ਹੋਵੇ। ਦਾਖਲਾ ਪੂਰੀ ਤਰ੍ਹਾਂ ਮੇਰਿਟ ਅਧਾਰਿਤ ਹੋਵੇਗਾ, ਜਿਸ ਵਿੱਚ ਉਮੀਦਵਾਰ ਦੀ ਚਿਕਿਤਸਕ ਯੋਗਤਾ (ਮੈਡੀਕਲ ਫਿਟਨੈੱਸ) ਵੀ ਲਾਜ਼ਮੀ ਹੈ।
ਪ੍ਰੀਖਿਆ ਕੇਂਦਰ (ਪੰਜਾਬ /ਚੰਡੀਗੜ੍ਹ) ਪੰਜਾਬ ਰਾਜ ਅਤੇ ਚੰਡੀਗੜ੍ਹ ਵਿੱਚ ਪ੍ਰਸਤਾਵਿਤ ਪ੍ਰੀਖਿਆ ਕੇਂਦਰ ਹਨ: ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ, ਪਟਿਆਲਾ ਅਤੇ ਕਪੂਰਥਲਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ