ਫ਼ਤਹਿਗੜ੍ਹ ਸਾਹਿਬ, 20 ਅਕਤੂਬਰ (ਹਿੰ.ਸ.)। ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਦੀ ਗਣਿਤ ਐਸੋਸੀਏਸ਼ਨ 'ਦਿ ਲੌਜਿਕ ਲੈਜੈਂਡਜ਼' ਵੱਲੋਂ 'ਦੀਪੋਤਸਵ-2025 : ਤਰਕ ਨਾਲ ਰੋਸ਼ਨੀ ਦਾ ਜਸ਼ਨ ਮਨਾਉਣਾ' ਸਮਾਗਮ ਆਯੋਜਿਤ ਕੀਤਾ ਗਿਆ। ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਦੀਵਾਲੀ ਮਨਾਉਣ ਬਾਰੇ ਜਾਗਰੂਕ ਕਰਨਾ ਸੀ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਿਰਜਣਾਤਮਿਕਤਾ, ਏਕਤਾ ਅਤੇ ਵਾਤਾਵਰਣ ਦੀ ਸਥਿਰਤਾ ਦੇ ਮੁੱਲਾਂ ਨਾਲ ਜੋੜਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਉਦੇਸ਼ ਤਹਿਤ ਵਿਦਿਆਰਥੀਆਂ ਦੀਆਂ ਕਈ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ। ਜਿਨ੍ਹਾਂ ਵਿਚ ਪੋਸਟਰ ਪੇਸ਼ਕਾਰੀ, ਮਹਿੰਦੀ ਲਗਾਉਣ, ਰੰਗੋਲੀ ਅਤੇ ਦੀਵਾ ਬਣਾਉਣ ਆਦਿ ਮੁਕਾਬਲੇ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰਦੂਸ਼ਣ-ਮੁਕਤ ਅਤੇ ਹਰੀ-ਭਰੀ ਦੀਵਾਲੀ ਮਨਾਉਣ ਦਾ ਮਹੱਤਵਪੂਰਨ ਸੰਦੇਸ਼ ਦਿੱਤਾ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਮਨਾਂ ਅੰਦਰ ਜਗ ਰਹੇ ਰਚਨਾਤਮਿਤਕਤਾ ਅਤੇ ਕਲਾਤਮਿਾਕਤਾ ਦੇ ਦੀਵਿਆਂ ਨੂੰ ਸਹੀ ਰੌਸ਼ਨੀ ਅਤੇ ਦਿਸ਼ਾ ਪ੍ਰਦਾਨ ਕਰਦੇ ਹਨ। ਗਣਿਤ ਵਿਭਾਗ ਦੇ ਮੁਖੀ ਪ੍ਰੋ. ਨਮਿਤਾ ਬੇਰੀ ਨੇ ਵਿਦਿਆਰਥੀਆਂ ਦੇ ਉਤਸ਼ਾਹ, ਸਿਰਜਣਾਤਮਿੰਕਤਾ ਅਤੇ ਤਾਲਮੇਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਣਿਤ ਸਿਰਫ਼ ਅੰਕਾਂ ਬਾਰੇ ਹੀ ਨਹੀਂ, ਸਗੋਂ ਤਰਕਪੂਰਨ ਸੋਚ, ਸੰਗਠਨ ਅਤੇ ਰਚਨਾਤਮਿਤਕ ਪ੍ਰਗਟਾਵੇ ਬਾਰੇ ਵੀ ਹੈ, ਇਸ ਲਈ ਵਿਭਾਗ ਵੱਲੋਂ ਈਕੋ ਫਰੈਂਡਲੀ ਦੀਵਾਲੀ ਮਨਾਉਣ ਦੇ ਉਦੇਸ਼ ਦੇ ਤਹਿਤ ਇਹ ਮੁਕਾਬਲੇ ਕਰਵਾਏ ਗਏ ਹਨ।
ਜਿਕਰਯੋਗ ਹੈ ਕਿ ਗਣਿਤ ਐਸੋਸੀਏਸ਼ਨ ਦੀ ਟੀਮ ਵਿਚ ਅਮਨਦੀਪ ਕੌਰ (ਪ੍ਰਧਾਨ), ਰਾਜਪ੍ਰੀਤ ਕੌਰ (ਉਪ-ਪ੍ਰਧਾਨ), ਪਰਨੀਤ ਕੌਰ (ਸਕੱਤਰ), ਅਤੇ ਜਸਮੀਨ ਕੌਰ (ਖਜ਼ਾਨਚੀ) ਸ਼ਾਮਲ ਸਨ, ਜਿਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਕੁਸ਼ਲਤਾ ਨਾਲ ਨਿਭਾਈਆਂ। ਗਣਿਤ ਐਸੋਸੀਏਸ਼ਨ ਦੀ ਇੰਚਾਰਜ ਪ੍ਰੋ. ਸ਼ਿਵਦੀਪ ਕੌਰ ਨੇ ਵਿਦਿਆਰਥੀਆਂ ਦੀ ਲਗਨ ਅਤੇ ਟੀਮ ਵਰਕ ਦੀ ਭਰਪੂਰ ਪ੍ਰਸ਼ੰਸਾ ਕੀਤੀ। ਮੁਕਾਬਲਿਆਂ ਦਾ ਨਿਰਣਾ ਕਾਲਜ ਦੇ ਫੈਕਲਟੀ ਮੈਂਬਰਾਂ ਡਾ. ਅਵਨੀਤ ਕੌਰ, ਪ੍ਰੋ. ਸੀਮਾ ਮਹੇਸ਼ਵਰੀ ਅਤੇ ਡਾ. ਰਮਣੀਕ ਕੌਰ ਦੁਆਰਾ ਕੀਤਾ ਗਿਆ। ਇਸ ਮੌਕੇ ਗਣਿਤ ਵਿਭਾਗ ਦੇ ਪ੍ਰੋ. ਪੂਨਮ ਚਾਵਲਾ, ਡਾ. ਰਾਜਿੰਦਰ ਪਾਲ, ਡਾ. ਸ਼ਾਮ ਬਾਂਸਲ, ਪ੍ਰੋ. ਅਮਰਪ੍ਰੀਤ ਕੌਰ, ਪ੍ਰੋ. ਹਿਮਾਂਸ਼ੀ ਸ਼ਰਮਾ, ਪ੍ਰੋ. ਸਿਮਰਨਜੋਤ ਕੌਰ, ਪ੍ਰੋ. ਸਲੋਨੀ ਕੌਰ, ਅਤੇ ਪ੍ਰੋ. ਬਿੰਦੀਆ ਸਮੇਤ ਸਮੂਹ ਫੈਕਲਟੀ ਮੈਂਬਰ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ