ਤਰਨ ਤਾਰਨ, 21 ਅਕਤੂਬਰ (ਹਿੰ.ਸ.)। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਫ਼ਸਲਾਂ ਦੇ ਜ਼ਰੂਰੀ ਤੱਤ ਨਾਈਟਰੋਜਨ, ਫਾਸਫੋਰਸ, ਗੰਧਕ, ਪੋਟਾਸ਼ ਆਦਿ ਨਸ਼ਟ ਹੋ ਜਾਂਦੇ ਹਨ। ਜਿਸ ਨਾਲ ਬੀਜੀ ਜਾਣ ਵਾਲੀ ਅਗਲੀ ਫ਼ਸਲ ਨੂੰ ਵਾਧੂ ਰਸਾਇਣਕ ਖਾਦਾਂ ਦੀ ਲੋੜ ਪੈਂਦੀ ਹੈ ਅਤੇ ਨਾਲ ਦੀ ਨਾਲ ਜੈਵਿਕ ਮਾਦਾ ਜ਼ਮੀਨ ਵਿੱਚੋਂ ਘੱਟਣ ਅਤੇ ਤਾਪਮਾਨ ਵੱਧਣ ਨਾਲ ਫ਼ਸਲ ਦਾ ਝਾੜ ਵੀ ਘੱਟ ਜਾਂਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਪੱਟੀ ਨੇ ਬੀਤੇ ਕੱਲ੍ਹ ਪਿੰਡ ਧਾਰੀਵਾਲ ਵਿਖੇ ਸਰਕਲ ਇੰਚਾਰਜ ਮਨਮੋਹਨ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਅਤੇ ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਨਾਲ ਕਿਸਾਨ ਸਿਖ਼ਲਾਈ ਕੈਂਪ ਅਤੇ ਖੇਤ ਨਿਰੀਖਣ ਮੌਕੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਤਰਨ ਤਰਨ ਰਾਹੁਲ ਆਈਏਐਸ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਦੀ ਦੇਖ ਰੇਖ ਹੇਠ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਕਿਸਾਨਾਂ ਨਾਲ ਤਾਲਮੇਲ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਹਿੱਤ ਯਤਨ ਕਰ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਭਾਰੀ ਮਾਤਰਾ ਵਿੱਚ ਪੈਦਾ ਹੋਈਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਵਿੱਚ ਮਿਲ ਕੇ ਸਾਹ ਦੀਆਂ ਬਿਮਾਰੀਆਂ, ਅੱਖਾਂ ਦੀ ਜਲਨ ਅਤੇ ਕਈ ਵਾਰੀ ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਬਣਦੀਆਂ ਹਨ। ਉਨ੍ਹਾਂ ਇਸ ਵਰਤਾਰੇ ਨੂੰ ਰੋਕਣ ਲਈ ਇਲਾਕੇ ਦੇ ਕਿਸਾਨਾਂ ਦੁਆਰਾ ਦਿਖਾਏ ਜਾ ਰਹੇ ਸੂਝ ਬੂਝ ਦੀ ਸਰਾਹਨਾ ਕਰਦਿਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਉੱਦਮੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਗ ਲੱਗਣ ਦੀਆਂ ਘਟਨਾਵਾਂ ਖਤਮ ਕਰਨ ਲਈ ਅੱਗੇ ਆਉਣ ਤਾਂ ਜੋ ਉਪਯੋਗੀ ਪਰਾਲੀ ਨੂੰ ਖੇਤ ਵਿੱਚ ਹੀ ਰਲਾ ਕੇ ਜਾਂ ਗੱਠਾਂ ਬਣਾ ਕੇ ਇਸ ਦੀ ਉਚਿਤ ਵਰਤੋਂ ਹੋ ਸਕੇ।
ਇਸ ਮੌਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਤਹਿਤ ਜ਼ੀਰੋ ਡਰਿਲ, ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ, ਬੇਲਰ ਆਦਿ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਕਣਕ ਦੀ ਬਿਜਾਈ ਵੇਲੇ ਬੀਜ਼ ਨੂੰ ਉੱਲੀ ਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਲੈਣਾ ਲਾਹੇਵੰਦ ਰਹਿੰਦਾ ਹੈ। ਇਸ ਮੌਕੇ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਹਿੱਤ ਲੋਕ ਕਲਾ ਮੰਚ, ਮਜੀਠਾ ਵੱਲੋਂ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਬਾਬਾ ਬਲਵੀਰ ਸਿੰਘ, ਸਰਪੰਚ ਗੁਰਲਾਲ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਤਕਨੀਕੀ ਸਹਾਇਕ, ਫੀਲਡ ਵਰਕਰ ਦਿਲਬਾਗ ਸਿੰਘ, ਬਿਕਰਮ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿੰਡ ਵਿੱਚ ਲਗਭਗ 400 ਏਕੜ ਵਿੱਚ ਪਰਾਲੀ ਪ੍ਰਬੰਧਨ ਕੀਤਾ ਜਾ ਚੁੱਕਾ ਹੈ। ਉੱਦਮੀ ਕਿਸਾਨਾਂ ਨੇ ਤਜ਼ਰਬਾ ਸਾਂਝਾ ਕੀਤਾ ਕਿ ਪਰਾਲੀ ਪ੍ਰਬੰਧਨ ਨਾਲ ਚੰਗੇ ਨਤੀਜੇ ਮਿਲੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ