
ਬਟਾਲਾ, 24 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਗੁਰਦਾਸਪੁਰ ਸ਼੍ਰੀਮਤੀ ਪਰਮਜੀਤ ਦੀ ਅਗਵਾਈ ਹੇਠ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਨਿਲ ਸ਼ਰਮਾ ਦੇ ਸਹਿਯੋਗ ਨਾਲ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਜੈਤੋਸਰਜਾ ਦੇ ਖੇਡ ਮੈਦਾਨ ਵਿਖੇ ਬਲਾਕ ਬਟਾਲਾ 1 ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਸ਼ਾਨਦਾਰ ਆਗਾਜ ਹੋਇਆ ਜਿਸ ਵਿੱਚ ਪ੍ਰਿੰਸੀਪਲ ਜਸਬੀਰ ਕੌਰ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਖਿਡਾਰੀਆਂ ਤੇ ਹਾਜ਼ਰ ਅਧਿਆਪਕਾਂ ਦੀ ਹੋਸਲਾ ਅਫ਼ਜਾਈ ਕੀਤੀ।
ਇਸ ਦੌਰਾਨ ਪ੍ਰਿੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਖੇਡਾਂ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਅਹਿਮ ਸਥਾਨ ਹੈ ਅਤੇ ਇਹ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ।
ਇਸ ਮੌਕੇ ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਸਮਾਂ ਸਾਰਣੀ ਤੇ ਅਮਲ ਕਰਦੇ ਹੋਏ , ਉਨ੍ਹਾਂ ਵੱਲੋਂ ਬਲਾਕ ਬਟਾਲਾ -1 ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਇਨ੍ਹਾਂ ਖੇਡਾਂ ਵਿੱਚ ਕਲੱਸਟਰ ਪੱਧਰ ਤੇ ਜੇਤੂ ਬੱਚੇ ਭਾਗ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਐਥਲੈਟਿਕਸ , ਕੁਸ਼ਤੀ, ਸ਼ਾਟ-ਪੁੱਟ, ਬੈਡਮਿੰਟਨ , ਲੰਬੀ ਛਾਲ , ਰਿਲੇਅ ਦੋੜ , ਹੈਂਡਬਾਲ , ਯੋਗਾ, ਸ਼ਤਰੰਜ ,ਆਦਿ ਮੁਕਾਬਲੇ ਕਰਵਾਏ ਗਏ ਹਨ। ਰਾਮ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ