
ਘਨੌਰ/ਪਟਿਆਲਾ, 24 ਅਕਤੂਬਰ (ਹਿੰ. ਸ.)।ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਕਿਸਾਨਾਂ ਦੇ ਸਹਿਯੋਗ ਸਦਕਾ ਪਟਿਆਲਾ ਜ਼ਿਲ੍ਹੇ 'ਚ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਕਾਫੀ ਹੱਦ ਤੱਕ ਘਟੇ ਹਨ। ਉਨ੍ਹਾਂ ਨੇ ਘਨੌਰ ਦੇ ਪਿੰਡ ਕਾਮੀ ਕਲਾਂ ਵਿਖੇ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲਣ ਵਾਲੇ ਖੇਤਾਂ ਦਾ ਦੌਰਾ ਕੀਤਾ।
ਡਾ. ਪ੍ਰੀਤੀ ਯਾਦਵ ਨੇ ਪਰਾਲੀ ਨੂੰ ਜਮੀਨ 'ਚ ਮਿਲਾ ਕੇ ਸੰਭਾਲਣ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਬਾਕੀ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਹੁਣ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਮਿਲਾ ਦੇਣ ਕਿਉਂਕਿ ਇਸ ਵੇਲੇ ਕਣਕ ਦੀ ਫ਼ਸਲ ਬੀਜਣ ਦਾ ਸਮਾਂ ਆ ਗਿਆ ਹੈ, ਇਸ ਲਈ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਦੁੱਗਣੀ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਤੇ ਕਿਸਾਨਾਂ ਦੇ ਸਹਿਯੋਗ ਸਦਕਾ ਹੁਣ ਤੱਕ ਇਸ ਵਾਰ ਕੇਵਲ 32 ਮਾਮਲੇ ਹੀ ਸਾਹਮਣੇ ਆਏ ਹਨ। ਜਦਕਿ 2023 ਵਿੱਚ 215 ਮਾਮਲੇ ਅਤੇ 2024 ਪਿਛਲੇ ਸਾਲ ਇਸ ਦਿਨ ਤੱਕ ਪਰਾਲੀ ਨੂੰ ਅੱਗ ਲਾਉਣ ਦੇ 210 ਮਾਮਲੇ ਸਾਹਮਣੇ ਆਏ ਸਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਤੱਕ ਸਿੱਧੀ ਪਹੁੰਚ ਬਣਾਈ ਗਈ ਹੈ ਅਤੇ ਮਸ਼ੀਨਰੀ ਲੋੜ ਮੁਤਾਬਕ ਪਿੰਡਾਂ ਵਿੱਚ ਕਿਸਾਨਾਂ ਨੂੰ ਮੁਹੱਈਆ ਕਰਾਵਾਈ ਕਰਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਕੁਲ 14 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਹੁਣ ਤੱਕ ਝੋਨੇ ਦੀ 70 ਫੀਸਦੀ ਕਟਾਈ ਹੋ ਚੁੱਕੀ ਹੈ, ਜਿਸ ਲਈ ਉਮੀਦ ਹੈ ਕਿ ਕਿਸਾਨ ਹੁਣ ਬਾਕੀ ਬਚਦੀ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਜਮੀਨ 'ਚ ਮਿਲਾਕੇ ਕਣਕ ਦੀ ਬਿਜਾਈ ਕਰਨ ਲਈ ਸੁਪਰ ਸੀਡਰ, ਹੈਪੀ ਸੀਡਰ, ਜੀਰੋ ਟਿਲ ਡ੍ਰਿਲ ਮਸ਼ੀਨਾਂ ਲੋੜੀਂਦੀ ਮਾਤਰਾ 'ਚ ਉਪਲਬਧ ਹਨ, ਜਿਨ੍ਹਾਂ ਨਾਲ ਕਣਕ ਬੀਜਣ ਸਮੇਂ ਪਰਾਲੀ ਜਮੀਨ 'ਚ ਮਿਲ ਜਾਂਦੀ ਹੈ, ਜਿਸ ਨਾਲ ਅਗਲੀ ਫਸਲ ਦੇ ਝਾੜ ਵਿੱਚ ਚੋਖਾ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਸ਼ੀਨਰੀ ਲਈ ਫੋਨ ਨੰਬਰ 0175-2350550 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ