
ਮਾਲੇਰਕੋਟਲਾ, 25 ਅਕਤੂਬਰ (ਹਿੰ. ਸ.)। ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਪਿੰਡ ਬੱਲੇਵਾਲ ਅਤੇ ਸਰੌਦ ਵਿਖੇ ਕਿਸਾਨਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਰਾਲੀ ਸਾੜਨ ਤੋਂ ਬਚਣ ਅਤੇ ਇਸ ਨੂੰ ਬਿਨ੍ਹਾਂ ਅੱਗ ਲਾਏ ਸੰਭਾਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਪ੍ਰਬੰਧਨ ਲਈ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਕਾਰਨ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਰੁਝਾਨ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸਾਨ ਇਨ-ਸੀਟੂ ਅਤੇ ਐਕਸ-ਸੀਟੂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ, ਤਾਂ ਨਾ ਸਿਰਫ਼ ਹਵਾ ਪ੍ਰਦੂਸ਼ਣ ਘਟੇਗਾ, ਸਗੋਂ ਮਿੱਟੀ ਦੀ ਉਪਜਾਉ ਸਮਰੱਥਾ ਵੀ ਵਧੇਗੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਕਿਸਾਨ ਲੋੜੀਂਦੀ ਮਸ਼ੀਨਰੀ- ਹੈਪੀ ਸੀਡਰ, ਸੁਪਰ ਸੀਡਰ ਅਤੇ ਸਰਫ਼ੇਸ ਸੀਡਰ ਆਦਿਪ੍ਰਾਪਤ ਕਰਨ ਲਈ ਖੇਤੀਬਾੜੀ ਅਫਸਰਾਂ ਨਾਲ ਸੰਪਰਕ ਕਰ ਸਕਦੇ ਹਨ। ਪਰਾਲੀ ਨਾ ਸਾੜਨ ਦੇ ਫਾਇਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾੜੀ ਗਈ ਪਰਾਲੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ, ਹਵਾ ਵਿੱਚ ਜ਼ਹਿਰੀਲਾ ਧੂੰਆ ਫੈਲਦਾ ਹੈ ਅਤੇ ਸਾਡੇ ਬੱਚਿਆਂ ਦੇ ਸਿਹਤ 'ਤੇ ਗੰਭੀਰ ਅਸਰ ਪੈਂਦਾ ਹੈ। ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲਣਾ ਇੱਕ ਕਿਸਾਨ ਦਾ ਸਿਰਫ਼ ਫਰਜ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਵਿੱਤਰ ਜ਼ਿੰਮੇਵਾਰੀ ਹੈ। ਜਦੋਂ ਕਿਸਾਨ ਪਰਾਲੀ ਸੰਭਾਲਣ ਦੀ ਸਹੀ ਤਕਨੀਕ ਅਪਣਾਉਂਦਾ ਹੈ, ਉਹ ਸਿਰਫ਼ ਆਪਣੀ ਫਸਲ ਨਹੀਂ, ਸਗੋਂ ਵਾਤਾਵਰਣ, ਹਵਾ ਅਤੇ ਜ਼ਿੰਦਗੀ ਨੂੰ ਵੀ ਬਚਾਉਂਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮਾਣਯੋਗ ਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਮੋਨੀਟਰਿੰਗ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਿਸਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਜ਼ਿਲ੍ਹੇ ਦੇ ਪਿੰਡ ਅਤੇ ਕਲੱਸਟਰ ਪੱਧਰ ‘ਤੇ ਨੋਡਲ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਜੋ ਕਿਸਾਨਾਂ ਨੂੰ ਹਰ ਸੰਭਵ ਤਕਨੀਕੀ ਸਹਿਯੋਗ ਪ੍ਰਦਾਨ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ