
ਤਰਨਤਾਰਨ, 25 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਤਰਨ ਤਰਨ ਰਾਹੁਲ, ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਰਨ ਡਾ. ਤੇਜਬੀਰ ਸਿੰਘ ਦੀ ਦੇਖ-ਰੇਖ ਹੇਠ ਸੂਚਨਾ, ਸਿੱਖਿਆ ਤੇ ਪ੍ਰਸਾਰ ਗਤੀਵਿਧੀਆਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ, ਖਡੂਰ ਸਾਹਿਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਲਾ ਵਿਖੇ ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ ਤੇ ਪ੍ਰਤਿਯੋਗਤਾ ਕਰਾਈ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਸ਼ਣ, ਕਵਿਤਾ, ਪੇਟਿੰਗ ਅਤੇ ਨੁੱਕੜ ਨਾਟਕ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪੇਸ਼ਕਾਰੀ ਕੀਤੀ। ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦਿਆ ਬਲਾਕ ਟੈਕਨੋਲੋਜੀ ਅਫ਼ਸਰ, ਖਡੂਰ ਸਾਹਿਬ ਡਾ. ਯਾਦਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਭਵਿੱਖ ਦੇ ਨਿਰਮਾਤਾ ਹਨ, ਇਸ ਲਈ ਉਹਨਾਂ ਨੂੰ ਅਜੋਕੇ ਸਮੇਂ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਮੌਜੂਦਾ ਮੁਸ਼ਕਿਲਾਂ ਨੂੰ ਸਮਝਣ ਉਪਰੰਤ ਹੀ ਉਹ ਇਹਨਾਂ ਸਮੱਸਿਆਵਾਂ ਦੇ ਵਧੀਆ ਹੱਲ ਲਈ ਯਤਨ ਕਰ ਸਕਣਗੇ।ਪਰਾਲੀ ਪ੍ਰਬੰਧਨ ਵਿਸ਼ੇ ਤੇ ਜਾਣਕਾਰੀ ਸਾਂਝੀ ਕਰਦਿਆਂ ਡਾ: ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਧਰਤੀ ਦੀ ਉੱਪਰਲੀ ਪਰਤ ਅਤੇ ਬਨਸਪਤੀ ਨੂੰ ਆਪਣਾ ਵਸੇਬਾ ਬਣਾਈ ਬੈਠੇ ਅਨੇਕਾਂ ਸੂਖ਼ਮ ਜੀਵ, ਕੀਟ ਪਤੰਗੇ, ਪੰਛੀ ਆਦਿ ਜਿਹੜੇ ਕਿ ਜਿਆਦਾਤਰ ਭੂਮੀ ਅਤੇ ਫਸਲਾਂ ਦੇ ਮਿੱਤਰ ਹੁੰਦੇ ਹਨ ਦਾ ਨਸਲਘਾਤ ਹੋ ਜਾਂਦਾ ਹੈ। ਜਿਸ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਤਾਂ ਘੱਟਦੀ ਹੀ ਹੈ ਨਾਲ ਦੀ ਨਾਲ ਮਿੱਤਰ ਜੀਵਾਂ ਦੇ ਘਟਣ ਨਾਲ ਦੁਸ਼ਮਣ ਕੀੜਿਆਂ ਵਿੱਚ ਅਥਾਹ ਵਾਧਾ ਹੋ ਜਾਂਦਾ ਹੈ। ਜਿਨ੍ਹਾਂ ਨੂੰ ਨਿਯੰਤਰਨ ਕਰਨ ਲਈ ਕੀੜੇਮਾਰ ਜ਼ਹਿਰਾਂ ਦੀ ਵਰਤੋ ਵਧ ਜਾਂਦੀ ਹੈ। ਇਸ ਤਰ੍ਹਾਂ ਇਨ੍ਹਾਂ ਜ਼ਹਿਰਾਂ ਦੀ ਲੋੜ ਤੋਂ ਵੱਧ ਵਰਤੋਂ ਨਾਲ ਬਾਅਦ ਵਿੱਚ ਮਨੁੱਖੀ ਸਿਹਤ ਤੇ ਹੀ ਬਹੁਤ ਬੁਰਾ ਅਸਰ ਪੈਂਦਾ ਹੈ। ਡਾ. ਯਾਦਵਿੰਦਰ ਸਿੰਘ ਨੇ ਅਪੀਲ ਕੀਤੀ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ। ਉਹਨਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਉੱਨਤ ਕਿਸਾਨ ਐਪ ਦੀ ਵਰਤੋਂ ਕਰਕੇ ਕਿਸਾਨ ਮਸ਼ੀਨਰੀ ਕਿਰਾਏ `ਤੇ ਲੈ ਜਾ ਸਕਦੇ ਹਨ। ਇਸ ਮੌਕੇ ਪ੍ਰਿੰਸੀਪਲ ਪਰਮਿੰਦਰ, ਸਿੰਘ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ ਅਤੇ ਚੰਗੇ ਭਵਿੱਖ ਲਈ ਸਾਨੂੰ ਸਾਰਿਆਂ ਨੂੰ ਇਸ ਦੀ ਸਾਂਭ ਸੰਭਾਲ ਲਈ ਹੰਭਲਾਂ ਮਾਰਨਾ ਚਾਹੀਦਾ ਹੈ। ਇਸ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਸਨਮਾਨ ਪੱਤਰ, ਮੋਮੈਂਟੋ ਅਤੇ ਲਿਟਰੇਚਰ ਦੇ ਕੇ ਪ੍ਰੇਰਿਤ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ