
ਫਾਜ਼ਿਲਕਾ 25 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ, ਲਿਫਟਿੰਗ ਅਤੇ ਅਦਾਇਗੀ ਦਾ ਕੰਮ ਨਿਰੰਤਰ ਜਾਰੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰਾਂ ਦੀ ਦਿੱਕਤ ਨਹੀ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜਿਲ੍ਹੇ ਦੀਆਂ ਮੰਡੀਆਂ ਵਿੱਚ 1,61,720 ਮੀਟਰਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿੱਚੋਂ 1,59,435 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸ਼ਾਮ ਖਰੀਦ ਤੱਕ ਕੁੱਲ 58700 ਮੀਟਰਕ ਟਨ ਝੋਨਾ ਪਨਗ੍ਰੇਨ ਨੇ, 35,257 ਮੀਟਰਕ ਟਨ ਝੋਨਾ ਮਾਰਕਫੈੱਡ ਨੇ, 33,335 ਮੀਟਰਕ ਟਨ ਝੋਨਾ ਪਨਸਪ,26,980 ਮੀਟਰਕ ਟਨ ਝੋਨਾ ਪੰਜਾਬ ਰਾਜ ਗੋਦਾਮ ਨਿਗਮ ਅਤੇ 5164 ਮੀਟਰਕ ਟਨ ਝੋਨਾ ਪ੍ਰਾਈਵੇਟ ਵਪਾਰੀਆਂ ਨੇ ਖਰੀਦਿਆ ਹੈ।ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਤੱਕ 343.11 ਕਰੋੜ ਦੀ ਅਦਾਇਗੀ ਦੇ ਅਡਵਾਇਸ ਵੀ ਜਨਰੇਟ ਕੀਤੇ ਗਏ ਹਨ ਜੋ ਕਿ ਖਰੀਦੀ ਫਸਲ ਦਾ 109 ਫੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਲਿਫ਼ਟਿੰਗ ਦਾ ਕੰਮ ਵੀ ਨਿਰੰਤਰ ਜਾਰੀ ਹੈ ਤੇ ਹੁਣ ਤੱਕ 98% ਤੋਂ ਵੱਧ ਖਰੀਦੀ ਫਸਲ ਦੀ ਲਿਫਟਿੰਗ ਹੋ ਚੁੱਕੀ ਹੈ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਤਾਂ ਕਿ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਦਾ ਸਮਾਂ ਸਵੇਰੇ 10:00 ਤੋਂ ਸਾਮ 06:00 ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਜਿਸ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ