
ਬਰਨਾਲਾ, 26 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦੀ ਸੰਭਾਲ ਕਰਨ ਵਾਲੇ 25 ਕਿਸਾਨਾਂ ਨੂੰ ਸਨਮਾਨਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਸੰਭਾਲ ਸਬੰਧੀ ਉਤਸ਼ਾਹਤ ਕਰਨ ਲਈ ਨਿਵੇਕਲੀ ਪਹਿਲ ਲੱਕੀ ਡਰਾਅ ਪਰਾਲੀ 2025 ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੇ ਇਸ ਲੱਕੀ ਡਰਾਅ 'ਚ ਹਿੱਸਾ ਲਿਆ ਜਿਹੜੇ ਪਰਾਲੀ ਦੀਆਂ ਗੱਠਾਂ ਬਣਾਉਂਦੇ ਹਨ ਜਾਂ ਖੇਤਾਂ 'ਚ ਉਸ ਨੂੰ ਵਾਹ ਕੇ ਮਿੱਟੀ ਦੀ ਉਪਜਾਉ ਸ਼ਕਤੀ ਵਧਾਉਂਦੇ ਹਨ।ਇਸ ਪਹਿਲੇ ਗੇੜ ਦੇ ਡਰਾਅ 'ਚ ਪਿੰਡ ਗੰਗੋਹਰ ਦੇ ਕੇਹਰ ਸਿੰਘ, ਕੋਟਦੁੱਨਾ ਤੋਂ ਹਰਪ੍ਰੀਤ ਸਿੰਘ ਅਤੇ ਝਲੂਰ ਤੋਂ ਬਿੱਕਰ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਕੇਹਰ ਸਿੰਘ ਨੂੰ 20000 ਰੁਪਏ, ਹਰਪ੍ਰੀਤ ਸਿੰਘ ਨੂੰ 15000 ਰੁਪਏ ਅਤੇ ਬਿੱਕਰ ਸਿੰਘ ਨੂੰ 10000 ਰੁਪਏ ਇਨਾਮ ਦੇ ਪੱਤਰ ਦਿੱਤੇ ਗਏ। ਕੇਹਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਉਹ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੰਭਾਲ ਰਹੇ ਹਨ। ਉਨ੍ਹਾਂ ਪਹਿਲੇ ਤਿੰਨ ਸਾਲ 22 ਏਕੜ 'ਚ ਅੱਗ ਨਹੀਂ ਲਗਾ ਰਹੇ ਸਨ ਅਤੇ ਇਸ ਸਾਲ ਉਨ੍ਹਾਂ ਆਪਣੇ 100 ਏਕੜ ਖੇਤਾਂ 'ਚ ਕਿਸੇ ਵੀ ਥਾਂ ਅੱਗ ਨਹੀਂ ਲਗਾਈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਸਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਕੰਟਰੋਲ ਰੂਮ (ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ) 01679-233031 ਨੰਬਰ 'ਤੇ ਜਾਂ ਬਲਾਕ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਪਰ ਐਸ ਐਮ ਐਸ ਤੋਂ ਬਿਨਾਂ ਕੋਈ ਵੀ ਕੰਬਾਈਨ ਹਾਰਵੈਸਟਰ ਨਹੀਂ ਚਲਾਉਣਾ ਚਾਹੀਦਾ। ਸ਼ਾਮ 6 ਵਜੇ ਤੋਂ 10 ਵਜੇ ਤੱਕ ਵਾਢੀ ਦੀ ਸਖ਼ਤ ਮਨਾਹੀ ਹੈ। ਇਸ ਮੌਕੇ ਉਨ੍ਹਾਂ 22 ਉਨ੍ਹਾਂ ਕਿਸਾਨਾਂ ਨੂੰ ਵੀ ਸਨਮਾਨਤ ਕੀਤਾ ਜਿਨ੍ਹਾਂ ਨੂੰ 2500 ਰੁਪਏ ਇਨਾਮ ਵੱਜੋਂ ਦਿੱਤੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ