”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਤਹਿਤ ਦੋ ਦਿਨਾਂ ‘ਚ ਸੁਚੇਤ ਪਟਿਆਲਵੀਆਂ ਨੇ 700 ਕਿਲੋ ਪਲਾਸਟਿਕ ਦਾ ਕੂੜਾ ਇਕੱਠਾ ਕਰਕੇ ਸਫ਼ਾਈ ਮੁਹਿੰਮ ਨੂੰ ਹੋਰ ਅੱਗੇ ਵਧਾਇਆ
ਪਟਿਆਲਾ, 26 ਅਕਤੂਬਰ (ਹਿੰ. ਸ.)। ਸ਼ਹਿਰ ਦੇ ਸਮਾਜ ਸੇਵੀਆਂ ਤੇ ਸੁਚੇਤ ਨਾਗਰਿਕਾਂ ਵੱਲੋਂ ਪਟਿਆਲਾ ਨੂੰ ਸਾਫ਼-ਸੁਥਰਾ ਕਰਨ ਲਈ ਸ਼ੁਰੂ ਕੀਤੀ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਕਮਿਉਨਿਟੀ ਮੁਹਿੰਮ ਤਹਿਤ ਦੋ ਦਿਨਾਂ ‘ਚ ਇਨ੍ਹਾਂ ਮੁੱਠੀ ਭਰ ਪਟਿਆਲਵੀਆਂ ਨੇ 700 ਕਿਲੋ ਪਲਾਸਟਿਕ ਦਾ ਕੂੜਾ ਇਕੱਠਾ ਕਰਕੇ ਆਪਣੀ ਇਸ
.


ਪਟਿਆਲਾ, 26 ਅਕਤੂਬਰ (ਹਿੰ. ਸ.)। ਸ਼ਹਿਰ ਦੇ ਸਮਾਜ ਸੇਵੀਆਂ ਤੇ ਸੁਚੇਤ ਨਾਗਰਿਕਾਂ ਵੱਲੋਂ ਪਟਿਆਲਾ ਨੂੰ ਸਾਫ਼-ਸੁਥਰਾ ਕਰਨ ਲਈ ਸ਼ੁਰੂ ਕੀਤੀ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਕਮਿਉਨਿਟੀ ਮੁਹਿੰਮ ਤਹਿਤ ਦੋ ਦਿਨਾਂ ‘ਚ ਇਨ੍ਹਾਂ ਮੁੱਠੀ ਭਰ ਪਟਿਆਲਵੀਆਂ ਨੇ 700 ਕਿਲੋ ਪਲਾਸਟਿਕ ਦਾ ਕੂੜਾ ਇਕੱਠਾ ਕਰਕੇ ਆਪਣੀ ਇਸ ਸਫ਼ਾਈ ਮੁਹਿੰਮ ਨੂੰ ਹੋਰ ਅੱਗੇ ਵਧਾਇਆ ਹੈ। ਇਨ੍ਹਾਂ ਸਮੂਹ ਸਫ਼ਾਈ ਕਾਰ ਸੇਵਕਾਂ ਨੇ ਹੋਰ ਸ਼ਹਿਰ ਵਾਸੀਆਂ ਨੂੰ ਵੀ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਮੁਹਿੰਮ ਨਾਲ ਜੁੜਕੇ ਪਟਿਆਲਾ ਨੂੰ ਸਾਫ਼-ਸੁੱਥਰਾ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।

ਇਹ ਸੁਚੇਤ ਪਟਿਆਲਵੀ ਪਿਛਲੇ ਕਰੀਬ ਡੇਢ ਮਹੀਨੇ ਦੌਰਾਨ 14 ਸਫ਼ਾਈ ਮੁਹਿੰਮਾਂ ਚਲਾਕੇ ਸ਼ਹਿਰ ਦੀਆਂ ਸੜਕਾਂ ਕਿਨਾਰੇ ਲੋਕਾਂ ਵੱਲੋਂ ਜਾਣੇ-ਅਣਜਾਣੇ ‘ਚ ਖਿਲਾਰੇ ਪਲਾਟਿਕ ਤੇ ਹੋਰ ਕਚਰੇ ਨੂੰ ਇਕੱਠਾ ਕਰਕੇ ਪਟਿਆਲਾ ਨੂੰ ਕੂੜਾ ਮੁਕਤ ਕਰਨ ਦੇ ਉਪਰਾਲੇ ਨੂੰ ਹੋਰ ਲੋਕਾਂ ਤੱਕ ਪਹੁੰਚਾ ਰਹੇ ਹਨ। ਸ਼ਨੀਵਾਰ ਨੂੰ ਇਨ੍ਹਾਂ ਨੇ ਰਾਜਪੁਰਾ ਰੋਡ ‘ਤੇ ਸਰਕਾਰੀ ਪੋਲੀਟੈਕਨਿਕ ਕਾਲਜ ਨੇੜੇ ਸੇਵਾ ਸਿੰਘ ਠੀਕਰੀਵਾਲਾ ਨੇੜੀਆਂ ਸੜਕਾਂ ਦੇ ਕਿਨਾਰਿਆਂ ਤੋਂ ਕਰੀਬ 400 ਕਿਲੋ ਪਲਾਸਟਿਕ ਤੇ ਹੋਰ ਕਚਰੇ ਨੂੰ ਹਟਾਉਣ ਦੀ ਸੇਵਾ ਕੀਤੀ ਸੀ। ਜਦਕਿ ਐਤਵਾਰ ਨੂੰ ਨਾਭਾ ਰੋਡ-ਭੁਪਿੰਦਰਾ ਰੋਡ ਵਿਖੇ ਸਿਵਲ ਲਾਈਨ ਥਾਣੇ ਦੇ ਨੇੜਲੇ ਚੌਂਕ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ ਅਤੇ 300 ਕਿਲੋ ਦੇ ਕਰੀਬ ਪਲਾਸਟਿਕ ਵੇਸਟ ਇਕੱਠਾ ਕਰਕੇ ਪਟਿਆਲਾ ਨੂੰ ਸਾਫ਼ ਸੁਥਰਾ ਰੱਖਣ ਦਾ ਸੁਨੇਹਾ ਦਿੰਦਿਆਂ ਵਾਤਾਵਰਣ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਫੈਲਾਈ ਗਈ।

ਇਸ ਮੁਹਿੰਮ ਦਾ ਬੀੜਾ ਉਠਾਉਣ ਵਾਲੇ ਸ਼ਹਿਰ ਦੇ ਸੁਚੇਤ ਨਾਗਰਿਕਾਂ ਵਿਚ ਐਚ.ਪੀ.ਐਸ ਲਾਂਬਾ, ਕਰਨਲ ਕਰਮਿੰਦਰ ਸਿੰਘ, ਕਰਨਲ ਜੇ. ਵੀ, ਕਰਨਲ ਅਮਨ ਸੰਧੂ, ਐਡਵੋਕੇਟ ਸਰਬਜੀਤ ਸਿੰਘ ਵੜੈਚ, ਹਰਦੀਪ ਸਿੰਘ ਗਹੀਰ ਏਪੀਆਰਓ, ਨਵਰੀਤ ਸੰਧੂ, ਗਰਿਮਾ, ਵਰੁਣ ਮਲਹੋਤਰਾ, ਰਾਜੀਵ ਚੋਪੜਾ, ਅਜੇਪਾਲ ਗਿੱਲ, ਕਰਨਲ ਭੂਪੀ ਗਰੇਵਾਲ, ਕਰਨਲ ਸਲਵਾਨ, ਕੈਪਟਨ ਸੁਖਜੀਤ, ਕਰਨਲ ਜਸਵਿੰਦਰ ਦੁਲਟ, ਗੁਰਪ੍ਰੀਤ ਦੁਲਟ, ਸਾਕਸ਼ੀ ਗੋਇਲ, ਪ੍ਰਵੇਸ਼ ਮੰਗਲਾ, ਸੀਐਮ ਕੌੜਾ, ਜਸਵੀਰ ਭੰਗੂ, ਵਰੁਣ ਕੌਸ਼ਲ, ਰਿਸ਼ਭ, ਨਾਗੇਸ਼, ਰੋ: ਅਸ਼ੋਕ ਵਰਮਾ, ਰਾਜ ਕੁਮਾਰ ਗੋਇਲ, ਸਵਾਮੀ ਯੋਗੇਸ਼, ਹਰਜੋਤ, ਦੀਪ, ਪ੍ਰੋ: ਰਾਜੀਵ ਕਾਂਸਲ, ਉਪਿੰਦਰ ਸ਼ਰਮਾ ਅਤੇ ਕੇ.ਐਸ. ਸੇਖੋਂ ਨੇ ਕਿਹਾ ਕਿ ਉਹ ਆਪਣੀ ਇਹ ਨਿਰਸਵਾਰਥ ਸੇਵਾ ਹਰ ਹਫ਼ਤੇ ਇਸੇ ਤਰ੍ਹਾਂ ਜਾਰੀ ਰੱਖਣਗੇ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਜਗ੍ਹਾ ਪਲਾਸਟਿਕ ਦੇ ਲਿਫਾਫੇ, ਕਚਰਾ ਤੇ ਰੈਪਰ ਆਦਿ ਥਾਂ-ਥਾਂ ਨਾ ਸੁੱਟਣ ਕਿਉਂਕਿ ਪੋਲੀਥੀਨ ਦੇ ਲਿਫ਼ਾਫ਼ਿਆਂ ਦਾ ਕੂੜਾ ਸਾਡੇ ਵਾਤਾਵਰਣ ਨੂੰ ਖਰਾਬ ਕਰਨ ਸਮੇਤ ਸਾਡੇ ਸ਼ਹਿਰ ਨੂੰ ਵੀ ਬਦਸੂਰਤ ਬਣਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande