
ਮੋਗਾ 27 ਅਕਤੂਬਰ (ਹਿੰ. ਸ )। ਝੋਨੇ ਦੀ ਪਰਾਲੀ ਸਾੜਨ ਦੀ ਰੋਕਥਾਮ ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਅੱਜ ਉਪ ਮੰਡਲ ਮੈਜਿਸਟਰੇਟ ਸਵਾਤੀ ਟਿਵਾਣਾ ਵੱਲੋਂ ਦਫਤਰ ਉੱਪ ਮੰਡਲ ਮੈਜਿਸਟਰੇਟ ਨਿਹਾਲ ਸਿੰਘ ਵਾਲਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਉੱਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨਿਹਾਲ ਸਿੰਘ ਵਾਲਾ, ਸਮੂਹ ਕਾਨੂੰਗੋ , ਕਲਸਟਰ ਅਫਸਰ, ਨੋਡਲ ਅਫਸਰ ਹਾਜ਼ਰ ਸਨ।
ਮੀਟਿੰਗ ਦੌਰਾਨ ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਸਾੜਨ ’ਤੇ ਪਾਬੰਦੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਰੇ ਕਲਸਟਰ ਅਤੇ ਨੋਡਲ ਅਫਸਰ ਕਿਸਾਨਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ, ਜਾਗਰੂਕਤਾ ਮੁਹਿੰਮ ਚਲਾਉਣ ਅਤੇ ਪਰਾਲੀ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ ਆਦਿ ਦੀ ਵਰਤੋਂ ਬਾਰੇ ਜਾਣਕਾਰੀ ਦੇਣ।
ਉਨਾ ਨੇ ਇਹ ਵੀ ਕਿਹਾ ਕਿ ਜਿੱਥੇ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣ, ਉਥੇ ਤੁਰੰਤ ਕਾਰਵਾਈ ਕੀਤੀ ਜਾਵੇ। ਐਸ.ਡੀ.ਐਮ. ਨੇ ਸਾਰੇ ਅਧਿਕਾਰੀਆਂ ਨੂੰ ਖੇਤਰੀ ਦੌਰੇ ਕਰਕੇ ਰੋਜ਼ਾਨਾ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਉੱਪਰ ਬਾਜ ਅੱਖ ਰੱਖੀ ਜਾ ਰਹੀ ਹੈ ਇਸ ਲਈ ਕੋਈ ਵੀ ਕਿਸਾਨ ਇਹਨਾਂ ਹੁਕਮਾਂ ਦੀ ਉਲੰਘਣਾ ਨਾ ਕਰੇ, ਮਾਣਯੋਗ ਸੁਪਰੀਮ ਕੋਰਟ ਇਹਨਾਂ ਕੇਸਾਂ ਦੀ ਮੋਨੀਟਰਿੰਗ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ