
ਪੈਰਿਸ, 27 ਅਕਤੂਬਰ (ਹਿੰ.ਸ.)। ਪੈਰਿਸ ਦੇ ਲੂਵਰ ਮਿਊਜ਼ੀਅਮ ਤੋਂ ਤਾਜ ਅਤੇ ਹੋਰ ਕੀਮਤੀ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੈਰਿਸ ਦੇ ਵਕੀਲ ਲੌਰੇ ਬੇਕੌ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਸ਼ਨੀਵਾਰ ਸ਼ਾਮ ਨੂੰ ਗ੍ਰਿਫ਼ਤਾਰੀਆਂ ਕੀਤੀਆਂ। ਉਨ੍ਹਾਂ ਦੱਯਿਆ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚੋਂ ਇੱਕ ਪੈਰਿਸ ਦੇ ਚਾਰਲਸ ਡੀ ਗੌਲ ਹਵਾਈ ਅੱਡੇ ਤੋਂ ਦੇਸ਼ ਛੱਡਣ ਦੀ ਤਿਆਰੀ ਕਰ ਰਿਹਾ ਸੀ। ਹਾਲਾਂਕਿ, ਉਨ੍ਹਾਂ ਨੇ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੀ ਗਿਣਤੀ ਜਾਂ ਉਨ੍ਹਾਂ ਤੋਂ ਚੋਰੀ ਹੋਈਆਂ ਚੀਜ਼ਾਂ ਬਰਾਮਦ ਕਰਨ ਦੀ ਪੁਸ਼ਟੀ ਨਹੀਂ ਕੀਤੀ।ਇਸ ਦੌਰਾਨ, ਇੱਕ ਪੁਲਿਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ 30 ਸਾਲ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਸ਼ੱਕੀ ਨੂੰ ਅਲਜੀਰੀਆ ਜਾਣ ਵਾਲੀ ਉਡਾਣ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਇੱਕ ਸ਼ੱਕੀ ਦੀ ਪਛਾਣ ਡੀਐਨਏ ਟੈਸਟਿੰਗ ਰਾਹੀਂ ਕੀਤੀ ਗਈ ਹੈ।
ਬੇਕਾਓ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਫੋਰੈਂਸਿਕ ਮਾਹਰ ਘਟਨਾ ਸਥਾਨ ਤੋਂ ਲਏ ਗਏ 150 ਨਮੂਨਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 19 ਅਕਤੂਬਰ ਨੂੰ ਇਸ ਵਿਸ਼ਵ-ਪ੍ਰਸਿੱਧ ਅਜਾਇਬ ਘਰ ਵਿੱਚ ਦਿਨ-ਦਿਹਾੜੇ ਹੋਈ ਚੋਰੀ ਨੇ ਅਜਾਇਬ ਘਰ ਦੀ ਸੁਰੱਖਿਆ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ