
ਪੱਟੀ/ਤਰਨ ਤਾਰਨ, 28 ਅਕਤੂਬਰ (ਹਿੰ. ਸ.)। ਕਮਿਸ਼ਨ ਫ਼ਾਰ ਏਅਰ ਕੁਆਲਿਟੀ ਮੈਨੇਜਮੈਂਟ ਭਾਰਤ ਸਰਕਾਰ ਦੇ ਅਬਜ਼ਰਵਰ ਰਕੇਸ਼ ਕੁਮਾਰ ਸਕਸੈਨਾ ਸਾਇੰਟਿਸਟ ਨੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਨਾਲ ਖੇਤੀਬਾੜੀ ਬਲਾਕ ਪੱਟੀ ਦੇ ਹੋਟ ਸਪਾਟ ਪਿੰਡ ਘਰਿਆਲਾ, ਕੈਰੋਂ, ਪਰਾਗਪੁਰਾ, ਮਾਨਕਪੁਰਾ, ਸ਼ਹੀਦ ਆਦਿ ਦਾ ਦੌਰਾ ਕਰਕੇ ਝੋਨੇ ਦੀ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੇ ਨਾਲ ਬੇਹਤਰ ਪਰਾਲੀ ਪ੍ਰਬੰਧਨ ਪ੍ਰਕਿਰਿਆ ਨੂੰ ਲਾਗੂ ਕਰਨ ਬਾਰੇ ਚਰਚਾ ਕੀਤੀ ਗਈ ਅਤੇ ਉਹਨਾਂ ਨੂੰ ਖੇਤ ਪੱਧਰ ਤੇ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਵੀ ਕੀਤੀ।
ਡਾ. ਭੁਪਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ, ਪੱਟੀ ਅਤੇ ਸਰਕਲ ਇੰਚਾਰਜ ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ, ਘਰਿਆਲਾ, ਮਨਮੋਹਨ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਕੱਚਾ ਪੱਕਾ, ਬੀਟੀਐੱਮ ਗੁਰਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਅਤੇ ਉਪਰਾਲਿਆਂ ਬਾਬਤ ਜਾਣੂ ਕਰਵਾਇਆ। ਇਸ ਮੌਕੇ ਟੀਮ ਨੂੰ ਖੇਤਾਂ ਵਿੱਚ ਬੇਲਰਾਂ ਅਤੇ ਇਨਸਿਟੂ ਮਸ਼ੀਨਾਂ ਨਾਲ ਕੀਤੇ ਜਾ ਰਹੇ ਪਰਾਲੀ ਪ੍ਰਬੰਧਨ ਦਾ ਮੌਕਾ ਵੀ ਦਿਖਾਇਆ ਗਿਆ।
ਇਸ ਮੌਕੇ ਸੂਝਵਾਨ ਕਿਸਾਨ ਲਖਵੀਰ ਸਿੰਘ, ਦਰਬਾਰਾ ਸਿੰਘ ਮਾਣਕਪੁਰਾ, ਨਵਦੀਪ ਸਿੰਘ, ਗੁਰਭੇਜ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਦੇ ਫ਼ਾਇਦੇ ਅਤੇ ਮੁਸ਼ਕਿਲਾਂ ਬਾਰੇ ਜਾਣੂ ਕਰਾਉਂਦਿਆਂ ਕਿਹਾ ਕਿ ਪਰਾਲੀ ਦੇ ਸੁਚੱਜੇ ਪ੍ਰਬੰਧ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉੱਥੇ ਵਾਤਾਵਰਨ ਵੀ ਵਧੀਆ ਬਣਿਆ ਰਹਿੰਦਾ ਹੈ। ਇਸ ਦੌਰਾਨ ਫੀਲਡ ਵਰਕਰ ਦਿਲਬਾਗ ਸਿੰਘ, ਪੱਪੂ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਨੇ ਜਾਣਕਾਰੀ ਅਤੇ ਸਹਿਯੋਗ ਕੀਤਾ।
----------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ