
ਐਬਟਸਫੋਰਡ (ਕੈਨੇਡਾ), 28 ਅਕਤੂਬਰ (ਹਿੰ.ਸ.)। ਕੈਨੇਡਾ ਦੇ ਐਬਸਫੋਰਡ ’ਚ ਨਾਮੀ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ (ਕਰੀਬ 67 ਸਾਲ) ਦਾ ਗੋਲੀਆਂ ਮਾਰ ਕੇ ਨਿਰਦਈ ਕਤਲ ਕਰ ਦਿੱਤਾ ਗਿਆ। ਕਾਰੋਬਾਰੀ ਅਤੇ ਹਸਮੁੱਖ ਸ਼ਖਸੀਅਤ ਦਰਸ਼ਨ ਸਿੰਘ ਸਾਹਸੀ ਉੱਪਰ ਐਬਸਫੋਰਡ ਟਾਊਨ ਲਾਈਨ ਰੋਡ ਤੋਂ ਰਿਜਵਿਊ ‘ਤੇ ਸਥਿਤ ਘਰ ਦੇ ਡਰਾਈਵੇ ‘ਤੇ ਖੜੇ ਟਰੱਕ ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਸਾਰੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਹੈ ਪਰ ਅਜੇ ਤੱਕ ਕਾਤਲਾਂ ਬਾਰੇ ਜਾਂ ਕਤਲ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਦਾ ਸੁਰਾਗ ਨਹੀਂ ਮਿਲਿਆ। ਇਹ ਜਾਣਕਾਰੀ ਉੱਘੇ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਵੱਲੋਂ ਸਾਂਝੀ ਕੀਤੀ ਗਈ ਹੈ।
ਹਾਜ਼ਿਰ ਨਜ਼ਦੀਕੀ ਗੁਆਂਢੀਆਂ ਵੱਲੋਂ ਸ਼ੱਕ ਪ੍ਰਗਟਾਇਆ ਕਿਹਾ ਕਿ ਹਮਲਾਵਰ ਦੋ ਘੰਟਿਆਂ ਤੋਂ ਸ਼ੱਕੀ ਹਾਲਤ ਵਿੱਚ ਹਮਲੇ ਦੀ ਤਾਕ ਵਿੱਚ ਖੜਾ ਉਡੀਕ ਕਰ ਰਿਹਾ ਸੀ। ਕਰੀਬ 9:22 ਵਜੇ ਜਿਵੇਂ ਹੀ ਦਰਸ਼ਨ ਸਿੰਘ ਸਾਹਸੀ ਆਪਣੇ ਟਰੱਕ ’ਚ ਸਵਾਰ ਹੋਣ ਲੱਗੇ, ਤਾਂ ਗੋਲੀਆਂ ਦੀ ਬਛਾੜ ਕਰ ਦਿੱਤੀ ਗਈ, ਜਿਹੜੀਆਂ ਕਿ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਈਆਂ।
ਦਰਸ਼ਨ ਸਿੰਘ ਸਾਹਸੀ (ਕਰੀਬ 67 ਸਾਲ) ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਚ ਅਧੀਨ ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਦੇ ਜੰਮਪਲ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਤੇ ਵੱਖ-ਵੱਖ ਦੇਸ਼ਾਂ ਵਿੱਚ ਕੱਪੜਿਆਂ ਦੇ ਕਾਰੋਬਾਰ ਕਰਦੇ ਸਨ। ਭਾਰਤ ਤੇ ਕੈਨੇਡਾ ਤੋਂ ਇਲਾਵਾ ਹੋਰ ਕਈ ਦੇਸ਼ਾਂ ਵਿੱਚ ਉਨ੍ਹਾਂ ਦੇ ਕਲਾਥ ਰੀਸਾਈਕਲਿੰਗ ਦੇ ਕਾਰੋਬਾਰ ਸਨ।
ਸਾਹਸੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2012 ਤੋਂ ਸਰਪ੍ਰਸਤ ਸਨ।
ਉਨ੍ਹਾਂ ਦੇ ਦਰਦਨਾਕ ਵਿਛੋੜੇ ਨਾਲ ਕੈਨੇਡਾ ਵਿੱਚ ਹੀ ਨਹੀਂ, ਪੰਜਾਬ ਵਿੱਚ ਵੀ ਸਾਹਿਤਕ ਅਤੇ ਸੱਭਿਆਚਾਰਕ ਹਸਤੀਆਂ ਅੰਦਰ ਗਹਿਰਾ ਸੋਗ ਛਾ ਗਿਆ ਹੈ। ਸਾਹਸੀ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਵੀ ਸਤਿਕਾਰੇ ਜਾਂਦੇ ਸਨ। ਨਾਮਵਰ ਪੰਜਾਬੀ ਲਿਖਾਰੀ, ਗਾਇਕ ਅਤੇ ਹੋਰ ਸ਼ਖਸੀਅਤਾਂ ਅਕਸਰ ਉਨ੍ਹਾਂ ਦੇ ਘਰੇ ਇਕੱਠੀਆਂ ਹੁੰਦੀਆਂ ਅਤੇ ਘਰ ਵਿੱਚ ਸਾਹਿਤਿਕ ਮੇਲੇ ਵਰਗਾ ਮਾਹੌਲ ਹੁੰਦਾ ਸੀ। ਐਬਸਫੋਰਡ ਸ਼ਹਿਰ ਦੇ ਸਿਟੀ ਕੌਂਸਲ ਤੋਂ ਲੈ ਕੇ ਪ੍ਰੋਵਿੰਸ਼ਿਅਲ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਵੀ ਨਿੱਜੀ ਤੌਰ ’ਤੇ ਸਾਹਸੀ ਹੁਰਾਂ ਦੇ ਭਾਈਚਾਰਕ ਤੌਰ ‘ਤੇ ਮੋਹਰੀ ਸਿਹਤਮੰਦ ਸੋਚ ਵਾਲੇ ਸੁਭਾਅ ਤੋਂ ਭਲੀ ਭਾਂਤ ਵਾਕਫ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ