
ਮੋਗਾ, 28 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਬਗੇਰ ਐਸ.ਐਮ.ਐਸ. ਤੋਂ ਕੰਬਾਇਨਾਂ ਨਾਲ ਝੋਨਾ ਕੱਟਣ ਉਪਰ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ ਲਈ ਜਮੀਨੀ ਪੱਧਰ ਉੱਪਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਐਸ.ਡੀ.ਐਮ. ਬਾਘਾਪੁਰਾਣਾ ਬੇਅੰਤ ਸਿੰਘ ਸਿੱਧੂ ਨੇ ਸਾਂਝੀ ਕੀਤੀ।
ਐਸ.ਡੀ.ਐਮ. ਬਾਘਾਪੁਰਾਣਾ ਵੱਲੋਂ ਟੀਮ ਸਮੇਤ ਪਿੰਡਾਂ ਵਿੱਚ ਜਾ ਕੇ ਐਸ.ਐਮ.ਐਸ. ਸਬੰਧੀ ਚੈਕਿੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਕਿਤੇ ਵੀ ਬਗੈਰ ਐਸ.ਐਮ.ਐਸ. ਤੋਂ ਕੰਬਾਇਨ ਟੀਮ ਨੂੰ ਮਿਲੀ ਤਾਂ ਤੁਰੰਤ ਪ੍ਰਭਾਵ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਚੈਕਿੰਗ ਤੋਂ ਬਾਅਦ ਉਹਨਾਂ ਪਿੰਡ ਰੋਡੇ ਦੇ ਅਗਾਂਹਵਧੂ ਕਿਸਾਨ ਅਰਸ਼ਦੀਪ ਸਿੰਘ ਦੇ ਖੇਤ ਦਾ ਦੌਰਾ ਕੀਤਾ। ਇਹ ਕਿਸਾਨ ਪਿਛਲੇ ਤਿੰਨ ਸਾਲ ਤੋਂ 50 ਏਕੜ ਜਮੀਨ ਵਿੱਚ ਲਗਾਈ ਝੋਨੇ ਦੀ ਫਸਲ ਕੰਬਾਇਨ ਤੇ ਐਸ.ਐਮ.ਐਸ ਲਗਾ ਕੇ ਵਾਢੀ ਕਰਵਾ ਰਿਹਾ ਹੈ ਅਤੇ ਪਰਾਲੀ ਨੂੰ ਆਪਣੇ ਖੇਤ ਵਿੱਚ ਵਾਹ ਕੇ ਸੁਪਰ- ਸੀਡਰ ਨਾਲ ਕਣਕ ਦੀ ਫਸਲ ਦੀ ਬਿਜਾਈ ਕਰ ਰਿਹਾ ਹੈ। ਇਸ ਮੌਕੇ ਕਿਸਾਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਪਰਾਲੀ ਖੇਤਾਂ ਵਿੱਚ ਮਿਲਾਉਣ ਨਾਲ ਉਸ ਦੇ ਖੇਤ ਦੀ ਉਪਜਾਊ ਸ਼ਕਤੀ ਵਿੱਚ ਬਹੁਤ ਵਾਧਾ ਹੋਇਆ ਹੈ ਅਤੇ ਉਹ ਵਾਤਾਵਰਨ ਦੀ ਸੰਭਾਲ ਵੀ ਕਰ ਰਿਹਾ ਹੈ। ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਜਮੀਨ ਵਿੱਚ ਜੋ ਮਿੱਤਰ ਕੀੜੇ ਹਨ ਉਹਨਾਂ ਦਾ ਵੀ ਬਚਾਅ ਹੁੰਦਾ ਹੈ ਅਤੇ ਜੇਕਰ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਹ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ।
ਬੇਅੰਤ ਸਿੰਘ ਸਿੱਧੂ ਐਸ.ਡੀ.ਐਮ ਬਾਘਾਪੁਰਾਣਾ ਨੇ ਕਿਸਾਨ ਦੀ ਹੌਸਲਾ ਅਫਜਾਈ ਕਰਕੇ ਹੋਰ ਕਿਸਾਨਾਂ ਨੂੰ ਵੀ ਇਸ ਕਿਸਾਨ ਤੋਂ ਸੇਧ ਲੈਣ ਦੀ ਅਪੀਲ ਕੀਤੀ ਤਾਂ ਜੋ ਸਾਰੇ ਰਲ ਕੇ ਵਾਤਾਵਰਨ ਦੀ ਸੰਭਾਲ ਕਰ ਸਕਣ ਅਤੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾ ਸਕਣ।
ਇਸ ਮੌਕੇ ਡਾ. ਖੁਸ਼ਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਬਾਘਾਪੁਰਾਣਾ ਨੇ ਦੱਸਿਆ ਕਿ ਪਰਾਲੀ ਨੂੰ ਜਮੀਨ ਵਿੱਚ ਵਾਉਣ ਨਾਲ ਜੈਵਿਕ ਮਾਦਾ ਵਿੱਚ ਵਾਧਾ ਹੁੰਦਾ ਹੈ ਜੋ ਕਿ ਕਿਸਾਨ ਲਈ ਬਹੁਤ ਲਾਹੇਵੰਦ ਹੁੰਦਾ ਹੈ ਜੇਕਰ ਪਰਾਲੀ ਨੂੰ ਅੱਗ ਲਗਾਉਂਦੇ ਹਾਂ ਤਾਂ ਉਸ ਨਾਲ ਬਹੁਤ ਸਾਰੇ ਜਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਇਹ ਤੱਤ ਪੂਰੇ ਕਰਨ ਲਈ ਕਿਸਾਨਾਂ ਨੂੰ ਮਹਿੰਗੀਆਂ ਖਾਦਾਂ ਦੀ ਵਰਤੋਂ ਕਰਨੀ ਪੈਦੀ ਹੈ। ਡਾ. ਰਾਜਕਰਨ ਸਿੰਘ ਨੇ ਦੱਸਿਆ ਹੈ ਜੇਕਰ ਕਿਸੇ ਵੀ ਕਿਸਾਨ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਦੀ ਲੋੜ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਲੋੜੀਦੀ ਮਸ਼ੀਨਰੀ ਪ੍ਰਾਪਤ ਕਰ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ