
ਤਰਨ ਤਾਰਨ, 28 ਅਕਤੂਬਰ (ਹਿੰ. ਸ.)। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਵਿਚ ਵਰਤੀਆਂ ਜਾਣ ਵਾਲੀਆਂ ਇਲੈੱਕਟਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ) ਦੀ ਦੂਸਰੀ ਰੈਂਡੇਮਾਈਜ਼ੇਸਨ ਅੱਜ ਜਨਰਲ ਅਬਜ਼ਰਵਰ ਪੁਸ਼ਪਾ ਸਤਿਆਨੀ, ਆਈ.ਏ.ਐੱਸ., ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ, ਆਈ.ਏ.ਐੱਸ. ਅਤੇ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਦੀ ਮੌਜੂਦਗੀ ਵਿੱਚ ਚੋਣ ਕਮਿਸ਼ਨ ਦੇ ਸਾਫ਼ਟਵੇਅਰ ਰਾਹੀਂ ਕੀਤੀ ਗਈ। ਇਹ ਸਮੁੱਚੀ ਪ੍ਰੀਕ੍ਰਿਆ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤੀ ਗਈ।
ਇਲੈੱਕਟਰਾਨਿਕ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਕਰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਕੁੱਲ 222 ਪੋਲਿੰਗ ਸਟੇਸ਼ਨ ਹਨ ਅਤੇ ਹਲਕੇ ਦੇ ਪੋਲਿੰਗ ਬੂਥਾਂ ਦੀ ਗਿਣਤੀ ਤੋਂ 120 ਫ਼ੀਸਦੀ ਬੈਲਟ ਯੂਨਿਟ (ਬੀਯੂ) ਅਤੇ ਕੰਟਰੋਲ ਯੂਨਿਟ (ਸੀਯੂ) ਅਤੇ 130 ਫ਼ੀਸਦੀ ਵੀਵੀਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਕੋਲ ਕਿਸੇ ਮਸ਼ੀਨ ਦੇ ਖ਼ਰਾਬ ਹੋਣ ’ਤੇ ਰਾਖਵਾਂ ਕੋਟਾ ਮੌਜੂਦ ਹੋਵੇ। ਉਨ੍ਹਾਂ ਕਿਹਾ ਕਿ ਅੱਜ ਦੀ ਰੈਂਡੇਮਾਈਜੇਸ਼ਨ ਦੌਰਾਨ ਇਲੈੱਕਟਰਾਨਿਕ ਵੋਟਿੰਗ ਮਸ਼ੀਨਾਂ ਨੂੰ ਪੋਲਿੰਗ ਬੂਥ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਮਨੀ ਚੋਣ ਆਜ਼ਾਦਾਨਾ ਅਤੇ ਸ਼ਾਂਤਮਈ ਮਾਹੌਲ ਵਿੱਚ ਨੇਪਰੇ ਚਾੜ੍ਹੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ