
ਬਟਾਲਾ, 28 ਅਕਤੂਬਰ (ਹਿੰ. ਸ.)। ਪੰਜਾਬ ਟੈਕਨੀਕਲ ਇੰਸਟੀਚਿਊਟਸ ਸਪੋਰਟਸ (ਪੀ.ਟੀ.ਆਈ.ਐਸ) ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਰਾਜ ਪੱਧਰੀ ਫੁਟਬਾਲ ਟੂਰਨਾਮੈਂਟ ਆਈ.ਟੀ.ਆਈ. ਬਟਾਲਾ ਦੀ ਗਰਾਊਂਡ ਵਿੱਚ 29 ਅਤੇ 30 ਅਕਤੂਬਰ ਨੂੰ ਬੜੇ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੋ ਦਿਨਾ ਰਾਜ ਪੱਧਰੀ ਟੂਰਨਾਮੈਂਟ ਵਿੱਚ ਪੰਜਾਬ ਭਰ ਦੇ ਸਰਕਾਰੀ ਤੇ ਨਿੱਜੀ ਬਹੁਤਕਨੀਕੀ ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮਹੱਤਵਪੂਰਨ ਖੇਡ ਸਮਾਰੋਹ ਦਾ ਉਦਘਾਟਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ 29 ਅਕਤੂਬਰ ਸਵੇਰੇ 10 ਵਜੇ ਕੀਤਾ ਜਾਵੇਗਾ।
ਅੱਜ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਸਫਲਤਾ ਨਾਲ ਨੇਪਰੇ ਚਾੜਨ ਲਈ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਟੂਰਨਾਮੈਂਟ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਪ੍ਰਿੰਸੀਪਲ ਭੱਟੀ ਨੇ ਕਿਹਾ ਕਿ ਇਹ ਖੇਡ ਸਮਾਰੋਹ ਵਿਦਿਆਰਥੀਆਂ ਵਿੱਚ ਖੇਡ ਜਜ਼ਬੇ, ਅਨੁਸ਼ਾਸਨ ਅਤੇ ਟੀਮ ਸਪਿਰਿਟ ਨੂੰ ਵਧਾਉਣ ਦਾ ਜਿੱਥੇ ਮੌਕਾ ਪ੍ਰਦਾਨ ਕਰੇਗਾ ਉਥੇ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੀ ਵੱਡਾ ਹੁੰਗਾਰਾ ਦੇਵੇਗਾ।
ਉਨਾਂ ਕਿਹਾ ਕਿ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਕਾਲਜ ਦਾ ਸਾਰਾ ਸਟਾਫ ਪੂਰੀ ਤਨਦੇਹੀ ਨਾਲ ਜਿੱਥੇ ਸੇਵਾਵਾਂ ਨਿਭਾ ਰਿਹਾ ਹੈ, ਉੱਥੇ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ, ਯੂਕੋ ਬੈਂਕ ਬਟਾਲਾ ਅਤੇ ਬਟਾਲਾ ਫੁੱਟਬਾਲ ਕਲੱਬ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਉਹਨਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਸਮਾਪਤੀ 30 ਅਕਤੂਬਰ ਨੂੰ ਹੋਵੇਗੀ, ਇਸ ਮੌਕੇ ਮੁੱਖ ਮਹਿਮਾਨ ਯੂਕੋ ਬੈਂਕ ਦੇ ਜੋਨਲ ਹੈਡ ਜਲੰਧਰ ਰਾਹੁਲ ਰੰਜਨ ਵੱਲੋਂ ਜੇਤੂ ਟੀਮਾਂ ਨੂੰ ਸਰਟੀਫਿਕੇਟ ਅਤੇ ਮੈਡਲ ਪ੍ਰਧਾਨ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ