
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਕਤੂਬਰ (ਹਿੰ. ਸ.)। ਜ਼ਿਲ੍ਹਾ ਬਿਊਰੋ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਦੇ ਸਹਿਯੋਗ ਨਾਲ ਜਲਦ ਹੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਮਾਸ ਕਾਊਸਲਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਹਨ।
ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਐੱਸ.ਏ.ਐੱਸ ਨਗਰ, ਹਰਪ੍ਰੀਤ ਸਿੰਘ ਮਾਨਸ਼ਾਹੀਆ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਮਾਸ ਕਾਊਂਸਲਿੰਗ ਦੀ ਮੀਟਿੰਗ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਲ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਵਿਖੇ ਕੀਤੀ ਗਈ। ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ/ਸੀ.ਪਾਈਟ/ ਪੋਲਟੈਕਨੀਕਲ ਕਾਲਜ/ਆਈ.ਟੀ.ਆਈ./ਵੱਖ ਵੱਖ ਸਕੂਲਾਂ ਦੇ ਨੁਮਾਇੰਦਿਆਂ ਵਲੋਂ ਭਾਗ ਲਿਆ ਗਿਆ।
ਹਰਪ੍ਰੀਤ ਸਿੰਘ ਮਾਨਸ਼ਾਹੀਆਂ,ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਐਸ.ਏ.ਐਸ ਨਗਰ ਦੇ ਜ਼ਿਲ੍ਹਾ ਬਿਊਰੋ ਰੋਜ਼ਗਾਰ ਜਨਰੇਸ਼ਨ, ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਨੌਂਵੀ ਤੋਂ ਬਾਰ੍ਹਵੀਂ ਜਮਾਤਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਪੜ੍ਹਾਈ ਲਈ ਭਵਿੱਖ ਵਿੱਚ ਵੱਖ ਵੱਖ ਸਟਰੀਮਾਂ ਦੀ ਚੋਣ ਅਤੇ ਉਨ੍ਹਾਂ ਸਬੰਧੀ ਨੌਕਰੀਆਂ ਅਤੇ ਕਿੱਤਿਆਂ ਵਿਸ਼ੇਸ਼ ਤੌਰ ਤੇ ਆਰਮਡ ਫੋਰਸਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਆਰਟਸ, ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਵੋਕੇਸ਼ਨਲ ਸਟਰੀਮਾਂ ਦੀ ਚੋਣ ਦੇ ਨਾਲ-ਨਾਲ ਉਚੇਰੀ ਸਿੱਖਿਆ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਬੱਚਿਆਂ ਨੂੰ ਸਵੈ ਰੋਜ਼ਗਾਰ ਲਈ ਆਈ.ਟੀ.ਆਈ ਕੋਰਸਾਂ ਅਤੇ ਬਹੁ ਤਕਨੀਕੀ ਡਿਪਲੋਮਾ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਣ ਅਤੇ ਜਿੰਦਗੀ ਦੇ ਕਿੱਤਾ ਮੁਖੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਅਨੁਸ਼ਾਸਿਤ ਢੰਗ ਨਾਲ ਮਿਹਨਤ ਕਰਨ ਲਈ ਪ੍ਰੇਰਿਆ ਜਾਵੇਗਾ। ਵਿਦਿਆਰਥੀਆਂ ਵੱਲੋਂ ਆਪਣੇ ਕੈਰੀਅਰ ਗਾਈਡੈਂਸ ਸਬੰਧੀ ਰਿਸੋਰਸ ਪਰਸਨਾਂ ਤੋਂ ਸਵਾਲ ਵੀ ਪੁੱਛ ਸਕਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ