
ਸੰਗਰੂਰ, 29 ਅਕਤੂਬਰ (ਹਿੰ. ਸ.)। ਸਹਾਇਕ ਕਮਿਸ਼ਨਰ (ਜ) ਲਵਪ੍ਰੀਤ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਮੌਕੇ ਸੰਗਰੂਰ ‘ਚ 31 ਅਕਤੂਬਰ ਨੂੰ ਪੈਦਲ ਮਾਰਚ ਕੱਢਿਆ ਜਾਵੇਗਾ, ਜੋ ਨੌਜਵਾਨਾਂ ਨੂੰ ਸਰਦਾਰ ਪਟੇਲ ਦੀ ਏਕਤਾ, ਅਖੰਡਤਾ ਅਤੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗਾ।ਉਹਨਾਂ ਦੱਸਿਆ ਕਿ ਇਹ ਪੈਦਲ ਯਾਤਰਾ 31 ਅਕਤੂਬਰ ਨੂੰ ਸਵੇਰੇ 8:30 ਵਜੇ ਡਾਇਟ (ਡਿਸਟ੍ਰਿਕਟ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਟਰੇਨਿੰਗ) ਸੰਗਰੂਰ ਤੋਂ ਸ਼ੁਰੂ ਹੋਵੇਗੀ ਅਤੇ ਡਾ. ਬੀ.ਆਰ. ਅੰਬੇਡਕਰ ਚੌਂਕ ਤੋਂ ਹੁੰਦੇ ਹੋਏ ਸਰਕਾਰੀ ਰਣਬੀਰ ਕਾਲਜ, ਫੁਹਾਰਾਂ ਚੌਂਕ ਰਾਹੀਂ ਡਾਇਟ ਸੰਗਰੂਰ ਵਿਖੇ ਆ ਕਿ ਸਮਾਪਤ ਹੋਵੇਗੀ। ਉਨਾਂ ਦੱਸਿਆ ਕਿ ਇਸ ਪੈਦਲ ਯਾਤਰਾ ਵਿੱਚ ਸਕੂਲਾਂ-ਕਾਲਜਾਂ ਦੇ 500 ਦੇ ਕਰੀਬ ਵਿਦਿਆਰਥੀ ਹਿੱਸਾ ਲੈਣਗੇ। ਉਨਾਂ ਸੰਗਰੂਰ ਵਾਸੀਆਂ ਨੂੰ ਵੀ ਇਸ ਪੈਦਲ ਯਾਤਰਾ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਯੁਵਾ ਅਫਸਰ ਰਾਹੁਲ ਸੈਣੀ ਨੇ ਦੱਸਿਆ ਕਿ ਇਹ ਪਹਿਲ ਯੁਵਾ ਮਾਮਲਿਆਂ ਦੇ ਮੰਤਰਾਲੇ ਅਧੀਨ “ਮਾਈ ਇੰਡੀਆ” ਦੁਆਰਾ ਨੌਜਵਾਨਾਂ ‘ਚ ਰਾਸ਼ਟਰੀ ਏਕਤਾ, ਦੇਸ਼ ਭਗਤੀ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਰਦਾਰ@150 ਤਹਿਤ ਹੋਣ ਵਾਲੀ ਪੈਦਲ ਯਾਤਰਾ ਦੌਰਾਨ ਨੁੱਕੜ ਨਾਟਕ, ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਸਹੁੰ ਚੁਕਾਈ ਜਾਵੇਗੀ ਅਤੇ ਬੂਟੇ ਵੀ ਲਗਾਏ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ