
ਫਾਜ਼ਿਲਕਾ 29 ਅਕਤੂਬਰ (ਹਿੰ. ਸ.)। ਜ਼ਿਲ੍ਹਾ ਫਾਜਿਲਕਾ ਨੂੰ ਡੇਂਗੂ ਮੁਕਤ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਟੀਮਾਂ ਵੱਲੋਂ ਫਾਜਿਲਕਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਖੇ ਸਰਵੇਅ ਕਰਕੇ ਡੇਂਗੂ ਖਿਲਾਫ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਰੋਹਿਤ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ. ਅਰਪਿਤ ਗੁਪਤਾ ਖੁਦ ਫ਼ੀਲਡ ਵਿਚ ਉਤਰ ਕੇ ਡੋਰ ਟੂ ਡੋਰ ਸਰਵੇਅ ਦੀ ਅਗਵਾਈ ਕਰ ਰਹੇ ਹਨ ਤੇ ਲਗਾਤਾਰ ਲੋਕਾਂ ਨੂੰ ਡੇਂਗੂ ਖਿਲਾਫ ਜਾਗਰੂਕ ਕਰ ਰਹੇ ਹਨ |
ਇਸੇ ਤਹਿਤ ਲੜੀਵਾਰ ਸਰਕਾਰੀ ਦਫਤਰਾਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਦਫਤਰ ਵਿਖੇ ਆਉਣ ਵਾਲੇ ਲੋਕਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਿਆ ਜਾ ਸਕੇ। ਸਿਹਤ ਵਿਭਾਗ ਵਲੋਂ ਐਸ.ਐਸ.ਪੀ. ਦਫਤਰ ਵਿਖੇ ਵਿਜ਼ਿਟ ਕਰਦਿਆਂ ਟੀਮਾ ਵੱਲੋਂ ਫੋਗਿੰਗ ਕਰਵਾਈ ਗਈ ਤੇ ਦਫਤਰੀ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਘਰ ਆ ਰਹੀਆਂ ਟੀਮਾਂ ਨੂੰ ਸਹਿਯੋਗ ਦੇਣ ਤਾਂ ਜੋ ਡੇਂਗੂ ਦਾ ਪਸਾਰ ਨਾ ਹੋ ਸਕੇ ਤੇ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕੇ|
ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਸਿਹਤ ਵਿਭਾਗ ਅਤੇ ਟੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸੁਰੱਖਿਆ ਲਈ ਲਗਾਤਾਰ ਫੀਲਡ ਵਿਚ ਉਤਰ ਕੇ ਪਹਿਲਕਦਮੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਫਤਰ ਵਿਖੇ ਭਾਰੀ ਗਿਣਤੀ ਵਿਚ ਲੋਕ ਆਉਂਦੇ ਹਨ ਜਿਨ੍ਹਾਂ ਦੀ ਸੁਰੱਖਿਆ ਸਾਡੀ ਬਣਦੀ ਹੈ। ਇਸ ਕਰਕੇ ਟੀਮਾਂ ਨੂੰ ਬੁਲਾ ਕੇ ਦਫਤਰ ਵਿਖੇ ਫੋਗਿੰਗ ਕਰਵਾਈ ਗਈ ਤਾਂ ਜੋ ਡੇਂਗੂ ਦਾ ਫੈਲਾਅ ਨਾ ਹੋ ਸਕੇ।
ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਵਿਭਾਗ ਜਿਥੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ ਉਥੇ ਲੋਕਾਂ ਦੀ ਸਿਹਤ ਪੱਖੋਂ ਵੀ ਉਹ ਕਾਰਜਸ਼ੀਲ ਹੈ। ਦਫਤਰ ਵਿਖੇ ਕੰਮ ਕਰਵਾਉਣ ਆਉਣ ਵਾਲੇ ਲੋਕ ਡੇਂਗੂ ਆਦਿ ਬਿਮਾਰੀ ਦੀ ਚਪੇਟ ਵਿਚ ਨਾ ਆ ਜਾਣ, ਇਸ ਲਈ ਸਿਹਤ ਪੱਖੋਂ ਤੰਦਰੁਖਤ ਰੱਖਣ ਲਈ ਸਿਹਤ ਵਿਭਾਗ ਦੇ ਮਾਰਫਤ ਇਹ ਉਪਰਾਲਾ ਕੀਤਾ ਗਿਆ ਹੈ। ਲੋਕਾਂ ਨੂੰ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਦਫਤਰੀ ਸਟਾਫ ਨੂੰ ਸਿਹਤਮੰਦ ਰੱਖਣ ਦੀ ਵਚਨਬੱਧਤਾ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
ਉਨਾ ਅਪੀਲ ਕੀਤੀ ਕਿ ਉਹ ਡੇਂਗੂ ਦੀ ਰੋਕਥਾਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇਣ। ਉਨਾਂ ਕਿਹਾ ਕਿ ਜਿਸ ਕਿਸੇ ਨੂੰ ਵੀ ਬੁਖਾਰ, ਜੁਕਾਮ, ਥਕਾਵਟ ਆਦਿ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਸਿਵਲ ਹਸਪਤਾਲ ਵਿਖੇ ਜਾ ਕੇ ਆਪਣੀ ਜਾਂਚ ਕਰਵਾਉਣ, ਡੇਂਗੂ ਦਾ ਟੈਸਟ ਹਸਪਤਾਲ ਵਿਖੇ ਬਿਲਕੁਲ ਮੁਫਤ ਕੀਤਾ ਜਾਂਦਾ ਹੈ| ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਤੇ ਨਗਰ ਕੌਂਸਲ ਫਾਜਿਲਕਾ ਦੀਆਂ ਟੀਮਾਂ ਗਲੀ, ਮੁਹਲੀਆਂ ਵਿਚ ਜਾ ਡੇਂਗੂ ਦਾ ਖ਼ਾਤਮਾ ਕਰਨ ਵਿਚ ਜੁਟੀਆਂ ਹੋਈਆਂ ਹਨ|
ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਘਰ ਘਰ ਜਾ ਕੇ ਫਰਿਜਾਂ ਦੀ ਟ੍ਰੇਆਂ, ਗਮਲੇ, ਖੁੱਲੇ੍ਹ ਬਰਤਨਾਂ, ਪਾਣੀ ਦੀਆਂ ਟੈਂਕੀਆਂ ਅਤੇ ਪਾਣੀ ਖੜ੍ਹਨ ਵਾਲੇ ਹੋਰ ਸੋਮਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਘਰ ਦੇ ਸਾਰੇ ਮੈਂਬਰਾਂ ਨੂੰ ਡੇਂਗੂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ|
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ