
ਲੁਧਿਆਣਾ, 29 ਅਕਤੂਬਰ (ਹਿੰ. ਸ.)। ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਗ੍ਰਹਿ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੀ ਉਨ੍ਹਾਂ ਦਾ ਨਿਪਟਾਰਾ ਵੀ ਕੀਤਾ। ਵਿਧਾਇਕ ਸਿੱਧੂ ਨੇ ਕਿਹਾ ਕਿ ਆਪਣੇ ਹਲਕੇ ਦੇ ਵਸਨੀਕਾਂ ਦੀ ਸੇਵਾ ਅਤੇ ਉਹਨਾਂ ਦੇ ਮਸਲੇ ਹੱਲ ਕਰਕੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੂਹਾਨੀਅਤ ਸਕੂਨ ਮਿਲਦਾ ਹੈ। ਉਹਨਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਹ ਸੇਵਾ ਵੀ ਰੱਬ ਕਿਸੇ-ਕਿਸੇ ਨੂੰ ਹੀ ਦਿੰਦਾ ਹੈ ਕਿ ਆਪਣੇ ਕੋਲ ਆਏ ਕਿਸੇ ਦੁਖੀ ਅਤੇ ਨਿਰਾਸ਼ ਵਿਅਕਤੀ ਨੂੰ ਖੁਸ਼ੀ ਅਤੇ ਉਤਸ਼ਾਹ ਦੇ ਕੇ ਵਾਪਸ ਭੇਜਣਾ। ਉਨ੍ਹਾਂ ਕਿਹਾ ਕਿ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਧੰਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੇ ਪੱਲੇ ਇਹ ਸੇਵਾ ਪਾਈ ਹੈ। ਉਨ੍ਹਾਂ ਦੱਸਿਆ ਕਿ ਕਈ ਪਰਿਵਾਰ ਅਜਿਹੇ ਸਨ ਜਿਨ੍ਹਾਂ ਦਾ ਆਪਸੀ ਪਰਿਵਾਰਿਕ ਅਤੇ ਘਰੇਲੂ ਕਲੇਸ਼ ਸੀ। ਵਿਧਾਇਕ ਸਿੱਧੂ ਨੇ ਬੜੇ ਪ੍ਰੇਮ ਨਾਲ ਦੋਨਾਂ ਧਿਰਾਂ ਦੀਆਂ ਗੱਲਾਂ ਸੁਣ ਕੇ ਬੜੇ ਠਰੰਮੇ ਨਾਲ ਸਮਝਾ ਬੁਝਾ ਕੇ ਉਨਾਂ ਦੇ ਮਨ ਮੁਟਾਵ ਦੂਰ ਕਰਕੇ ਪਰਿਵਾਰ ਟੁੱਟਣੋ ਬਚਾਏ। ਇਸ ਮੌਕੇ ਹੋਰ ਇਲਾਕਾਂ ਨਿਵਾਸੀ ਵੀ ਆਪਣੀਆਂ ਮੁਸ਼ਕਿਲਾਂ ਲੈ ਕੇ ਪਹੁੰਚੇ ਸਨ ਜਿਸ ਵਿੱਚ ਪ੍ਰਸ਼ਾਸ਼ਨਿਕ ਸੇਵਾਵਾਂ ਨਾਲ ਸਬੰਧਤ ਪ੍ਰਤੀ ਬੇਨਤੀਆਂ ਬਾਰੇ ਅਧਿਕਾਰੀਆਂ ਨੂੰ ਫੋਨ ਰਾਹੀਂ ਤੁਰੰਤ ਨਿਪਟਾਰਾ ਕਰਨ ਦੇ ਵੀ ਨਿਰਦੇਸ਼ ਦਿੱਤੇ।ਵਿਧਾਇਕ ਸਿੱਧੂ ਨੇ ਸਪੱਸ਼ਟ ਕੀਤਾ ਪਤੀ-ਪਤਨੀ ਦੇ ਝਗੜਿਆਂ ਵਿੱਚ ਪਰਿਵਾਰ ਨੂੰ ਟੁੱਟਣ ਤੋਂ ਬਚਾਉਣਾ ਪ੍ਰਮੁੱਖ ਤਰਜੀਹ ਹੈ ਜਿਨ੍ਹਾਂ ਦੀ ਮਾਹਿਰ ਟੀਮ ਵੱਲੋਂ ਕੌਂਸਲਿੰਗ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕਈ ਨੌਜਵਾਨਾਂ ਵੱਲੋਂ ਆਪਣੇ ਮਾਂ-ਬਾਪ ਦੀ ਸੇਵਾ ਨਾ ਕਰਨ ਦੀਆਂ ਵੀ ਸ਼ਿਕਾਇਤਾਂ ਆਉਂਦੀਆਂ ਹਨ, ਪਰ ਉਨ੍ਹਾਂ ਬੱਚਿਆ ਨੂੰ ਪਿਆਰ ਅਤੇ ਸਖਤ ਤਾੜਨਾ ਦੇ ਕੇ ਮਾਂ ਬਾਪ ਦੀ ਸੇਵਾ ਦੀ ਅਹਿਮੀਅਤ ਸਮਝਾਈ ਜਾਂਦੀ ਹੈ ਤਾਂ ਜੋ ਸਾਡੇ ਕੀਮਤੀ ਬਜੁਰਗਾ ਨੂੰ ਸੜਕਾਂ 'ਤੇ ਰੁਲਣ ਤੋਂ ਬਚਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ