
ਬਟਾਲਾ, 29 ਅਕਤੂਬਰ (ਹਿੰ. ਸ.)। ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਪੰਜਾਬ ਟੈਕਨੀਕਲ ਇੰਸਟੀਚਿਊਟਸ ਸਪੋਰਟਸ (ਪੀ.ਟੀ.ਆਈ.ਐਸ) ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਅੱਜ ਸ਼ਾਨਦਾਰ ਉਦਘਾਟਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕੀਤਾ ਗਿਆ। ਇਸ ਮੌਕੇ ਮਾਨਿਕ ਮਹਿਤਾ, ਚੇਅਰਮੈਨ ਮਾਰਕਿਟ ਕਮੇਟੀ ਬਟਾਲਾ ਵੀ ਮੌਜੂਦ ਸਨ।
ਉਦਘਾਟਨੀ ਮੈਚ ਸੀ.ਪੀ.ਸੀ ਚੰਡੀਗੜ੍ਹ ਅਤੇ ਮੇਹਰ ਚੰਦ ਪੋਲੀਟੈਕਨੀਕ ਕਾਲਜ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜੋ ਮੇਹਰ ਚੰਦ ਕਾਲਜ ਦੀ ਟੀਮ ਨੇ ਜਿੱਤਿਆ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਖੇਡਾਂ ਜੀਵਨ ਵਿੱਚ ਅਨੁਸ਼ਾਸਨ, ਸਹਿਯੋਗ ਤੇ ਤੰਦਰੁਸਤੀ ਦੀ ਪ੍ਰੇਰਣਾ ਦਿੰਦੀਆਂ ਹਨ। ਉਹਨਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਗਿਆ ਹੈ।
ਇਸ ਮੌਕੇ ਉਹਨਾਂ ਨੇ ਕਾਲਜ ਦੇ ਅੰਦਰ ਨਵੇਂ ਪਖਾਨੇ ਬਣਾਉਣ ਤੇ ਕਾਲਜ ਦੀਆਂ ਸੜਕਾਂ ਨੂੰ ਨਵੀਂ ਕਰਵਾਉਣ ਲਈ ਵੀ ਕਿਹਾ।
ਟੂਰਨਾਮੈਂਟ ਦੇ ਦੂਸਰੇ ਮੈਚ ਦੀ ਸ਼ੁਰੂਆਤ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ ਵੱਲੋਂ ਕੀਤੀ ਗਈ। ਇਹ ਮੈਚ ਬਹੁਤ ਹੀ ਰੋਚਕ ਸੀ, ਜਿਸ ਵਿਚ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਨੇ ਰਾਮਗੜ੍ਹੀਆ ਪੋਲੀਟੈਕਨਿਕ ਫਗਵਾੜਾ ਦੀ ਟੀਮ ਨੂੰ 9-0 ਨਾਲ ਹਰਾ ਕੇ ਜਿੱਤਿਆ।
ਇਸ ਮੌਕੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਕਾਲਜ ਦੇ ਸਟਾਫ ਦੇ ਨਾਲ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਨਿਰਮਾਤਮਕ ਸੋਚ ਤੇ ਟੀਮ ਸਪਿਰਿਟ ਨੂੰ ਮਜ਼ਬੂਤ ਕਰਦੀਆਂ ਹਨ।
ਉਹਨਾਂ ਨੇ ਦੱਸਿਆ ਕਿ ਇਸ ਦੋ-ਦਿਨਾ ਟੂਰਨਾਮੈਂਟ ਵਿੱਚ ਪੰਜਾਬ ਭਰ ਦੇ ਸਰਕਾਰੀ ਤੇ ਨਿੱਜੀ ਪੌਲੀਟੈਕਨੀਕ ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਅਤੇ 30 ਅਕਤੂਬਰ ਨੂੰ ਸਮਾਪਤੀ ਸਮਾਰੋਹ ਦੌਰਾਨ ਯੂਕੋ ਬੈਂਕ ਦੇ ਜੋਨਲ ਹੈਡ ਰਾਹੁਲ ਰੰਜਨ ਵੱਲੋਂ ਜੇਤੂ ਟੀਮਾਂ ਨੂੰ ਮੈਡਲ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ