
ਤਰਨ ਤਾਰਨ, 29 ਅਕਤੂਬਰ (ਹਿੰ. ਸ.)। ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਦੌਰਾਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖਰਚ `ਤੇ ਤਿੱਖੀ ਨਜਰ ਰੱਖਣ ਲਈ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ ਹੇਠ ਜ਼ਿਲ੍ਹਾ ਪੱਧਰੀ ਖਰਚਾ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਚੋਣ ਖਰਚ `ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਕੀਤੀ ਜਾਣ ਵਾਲੀ ਹਰ ਰੈਲੀ, ਸਭਾ, ਪੋਸਟਰ, ਬੈਨਰ, ਇਸਤਿਹਾਰਬਾਜ਼ੀ, ਵਾਹਨ ਆਦਿ ਦਾ ਖ਼ਰਚਾ ਚੋਣ ਖ਼ਰਚੇ ਵਿੱਚ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਇੱਕ ਉਮੀਦਵਾਰ ਲਈ ਵੱਧ ਤੋਂ ਵੱਧ 40 ਲੱਖ ਰੁਪਏ ਤੱਕ ਦਾ ਖਰਚਾ ਕਰਨ ਦੀ ਸੀਮਾ ਚੋਣ ਕਮਿਸ਼ਨ ਵਲੋਂ ਤਹਿ ਕੀਤੀ ਗਈ ਹੈ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਦੇ ਸਮਰਥਕ ਦੇ ਨਿੱਜੀ ਵਾਹਨ ਤੇ ਕਿਸੇ ਉਮੀਦਵਾਰ ਦੀ ਫੋਟੋ ਵਾਲਾ ਪੋਸਟਰ ਬੈਨਰ ਲੱਗਿਆ ਹੈ ਤਾਂ ਉਸ ਵਾਹਨ ਦਾ ਖ਼ਰਚਾ ਵੀ ਉਮੀਦਵਾਰ ਦੇ ਖ਼ਰਚੇ ਵਿੱਚ ਜੋੜਿਆ ਜਾਵੇਗਾ ਅਤੇ ਜੇਕਰ ਕਿਸੇ ਪਾਰਟੀ ਦੀ ਝੰਡੀ ਲੱਗੀ ਹੈ ਤਾਂ ਉਹ ਖ਼ਰਚਾ ਪਾਰਟੀ ਦੇ ਖ਼ਰਚ ਵਿੱਚ ਜੋੜਿਆ ਜਾਏਗਾ। ਇਸ ਤੋਂ ਬਿਨਾਂ ਸਾਰੀਆਂ ਚੋਣ ਰੈਲੀਆਂ ਸਭਾਵਾਂ ਦੀ ਵੀਡੀਓਗ੍ਰਾਫੀ ਕਰਵਾ ਕੇ ਉਸ ਦੇ ਆਧਾਰ ਤੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਰੇਕ ਖ਼ਰਚ ਨੂੰ ਉਨ੍ਹਾਂ ਦੇ ਚੋਣ ਖ਼ਰਚ ਵਿੱਚ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਤੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਸਿਆਸੀ ਇਸ਼ਤਿਹਾਰ, ਹੋਰਿਡਿੰਗਜ਼ ਨਹੀਂ ਲਗਾਏ ਜਾ ਸਕਦੇ ਅਤੇ ਨਾ ਹੀ ਮਾਲਕ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਪਾਰਟੀ ਦਾ ਝੰਡਾ ਲਾਇਆ ਜਾ ਸਕਦਾ ਹੈ।
ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਪੇਡ ਨਿਊਜ ਜਾਂ ਸਿਆਸੀ ਇਸਤਿਹਾਰਬਾਜੀ `ਤੇ ਕੀਤੇ ਜਾਣ ਵਾਲੇ ਖਰਚ ਨੂੰ ਵੀ ਚੋਣ ਖ਼ਰਚ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੱਧਰ `ਤੇ ਗਠਿਤ ਐੱਮ.ਸੀ.ਐੱਮ.ਸੀ. ਸੈੱਲ ਵੱਲੋਂ ਹਰ ਤਰ੍ਹਾਂ ਦੇ ਮੀਡੀਆ ਉੱਪਰ ਕੀਤੇ ਜਾਣ ਵਾਲੇ ਖ਼ਰਚ ਉੱਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਖਰਚਾ ਨਿਗਰਾਨ ਸੈੱਲ ਉਮੀਦਵਾਰਾਂ ਦੇ ਖਰਚੇ ਦਾ ਹਿਸਾਬ ਇੱਕ ਸੈੱਡੋ ਰਜਿਸਟਰ ਵਿੱਚ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤਹਿ ਚੋਣ ਖ਼ਰਚੇ ਅੰਦਰ ਹੀ ਆਪਣਾ ਖ਼ਰਚਾ ਕਰਨ ਅਤੇ ਇਸਦਾ ਸਾਰਾ ਰਿਕਾਰਡ ਵੀ ਮੇਨਟੇਨ ਕਰਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ